Punjab

ਸਿਮਰਨਜੀਤ ਸਿੰਘ ਮਾਨ ਦੇ ਨਾਂ ’ਤੇ ਪੈਸਿਆਂ ਦੀ ਵੱਡੀ ਠੱਗੀ! ਤਰੀਕਾ ਸੁਣ ਹੋ ਜਾਓਗੇ ਹੈਰਾਨ

ਫ਼ਿਰੋਜ਼ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨ ਜੀਤ ਸਿੰਘ ਮਾਨ (Simranjit Singh Mann) ਦੇ ਨਾਂਅ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਇੰਦਰਪਾਲ ਸਿੰਘ ਮੁਤਾਬਕ ਮੁਲਜ਼ਮ ਪ੍ਰਗਟ ਸਿੰਘ ਨੇ ਉਸ ਦੇ ਭਰਾ ਹਰੀ ਨੂੰ ਅਮਰੀਕਾ ਵਿੱਚ ਪੱਕਾ ਕਰਾਉਣ, ਯਾਨੀ PR ਕਰਾਉਣ ਦੀ ਗੱਲ ਸਿਮਰਨਜੀਤ ਸਿੰਘ ਮਾਨ ਦੇ ਫਰਜ਼ੀ ਲੈਟਰ ਪੈਡ (Letter Pad) ’ਤੇ ਲਿਖ ਕੇ ਦਿੱਤਾ ਸੀ ਅਤੇ ਬਦਲੇ ਵਿੱਚ ਮੁਲਜ਼ਮ ਨੇ ਉਸ ਤੋਂ 60 ਹਜ਼ਾਰ ਰੁਪਏ ਲਏ ਸਨ।

ਪਰ ਜਦੋਂ ਸ਼ੱਕ ਪੈਣ ‘ਤੇ ਉਸ ਨੇ ਲੈਟਰ ਪੈਡ ਦੀ ਜਾਂਚ ਕੀਤੀ ਤਾਂ ਇਹ ਜਾਅਲੀ ਪਾਇਆ ਗਿਆ। ਹੁਣ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ, ਤਾਂ ਜੋ ਦੋਸ਼ੀ ਨੂੰ ਸਜ਼ਾ ਮਿਲ ਸਕੇ ਅਤੇ ਉਹ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਨਾ ਕਰ ਸਕੇ।

ਜ਼ੀਰਾ (Zira) ਸਿਟੀ ਥਾਣੇ ਦੇ ASI ਸਤਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਇੰਦਰਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪ੍ਰਗਟ ਸਿੰਘ ਖ਼ਿਲਾਫ਼ ਆਈਪੀਸੀ (IPC) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਦੇਖੋ- 5 ਵਜੇ ਤੱਕ ਦੀਆਂ 9 ਖਾਸ ਖ਼ਬਰਾਂ