The Khalas Tv Blog Punjab ਮੁਹਾਲੀ ਦੇ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼!155 ਗ੍ਰਿਫ਼ਤਾਰ, 79 ਕੰਪਿਊਟਰ, 206 ਲੈਪਟਾਪ ਤੇ ਕਈ ਮੋਬਾਈਲ ਫ਼ੋਨ ਜ਼ਬਤ
Punjab

ਮੁਹਾਲੀ ਦੇ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼!155 ਗ੍ਰਿਫ਼ਤਾਰ, 79 ਕੰਪਿਊਟਰ, 206 ਲੈਪਟਾਪ ਤੇ ਕਈ ਮੋਬਾਈਲ ਫ਼ੋਨ ਜ਼ਬਤ

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਤੇ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ ਨੇ ਸ਼ੁੱਕਰਵਾਰ (17 ਮਈ) ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇਨ੍ਹਾਂ ਵਿਚੋਂ ਪਹਿਲਾ ਫਰਜ਼ੀ ਕਾਲ ਸੈਂਟਰ ਮੁਹਾਲੀ ਦੇ ਸੈਕਟਰ 74 ਦੇ ਪਲਾਟ #F88 ਵਿਖੇ ਸਥਿਤ ਹੈ, ਜਦੋਂ ਕਿ ਦੂਜਾ ਫਰਜ਼ੀ ਕਾਲ ਸੈਂਟਰ ਸੈਕਟਰ 74 ਦੇ ਹੀ ਏ-ਵਨ ਟਾਵਰ ਵਿੱਚ ਚੱਲ ਰਿਹਾ ਸੀ । ਦੋਵੇਂ ਕਾਲ ਸੈਂਟਰ ਕਥਿਤ ਤੌਤ ’ਤੇ ਗੁਜਰਾਤ ਆਧਾਰਿਤ ਸਰਗਨਾਹ ਵੱਲੋਂ ਚਲਾਏ ਜਾ ਰਹੇ ਸਨ।

DGP ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਸਨ ਅਤੇ ਕਾਲ ਕਰ ਕੇ ਤਿੰਨ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਆਦਿ ਤੋਂ ਗਿਫ਼ਟ ਕਾਰਡ ਖਰੀਦਣ ਲਈ ਮਜਬੂਰ ਕਰਕੇ ਠੱਗਦੇ ਸਨ। ਉਨ੍ਹਾਂ ਦੱਸਿਆ ਕਿ ਇਹ ਗਿਫ਼ਟ ਕਾਰਡ ਇੱਕ ਟੀਮ ਮੈਨੇਜਰ ਦੁਆਰਾ ਸਾਂਝੇ ਕੀਤੇ ਜਾਂਦੇ ਸਨ ਅਤੇ ਸਰਗਨਾਹ/ਮਾਲਕ ਨੂੰ ਸਾਂਝੇ ਕਰ ਦਿੱਤੇ ਜਾਂਦੇ ਸਨ ਜੋ ਇਸਨੂੰ ਰੀਡੀਮ ਕਰਵਾ ਲੈਂਦਾ ਸੀ।

ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਦੀ ਨਿਗਰਾਨੀ ਤੇ ਡੀਐਸਪੀ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਫਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕਰਕੇ ਡਾਇਲਰ, ਕਲੋਜ਼ਰ, ਬੈਂਕਰ ਅਤੇ ਫਲੋਰ ਮੈਨੇਜਰ ਵਜੋਂ ਕੰਮ ਕਰਦੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਹਾਲੇ ਦੋਵੇਂ ਸਰਗਨਾਹ ਫਰਾਰ ਹਨ। ਪੁਲਿਸ ਟੀਮਾਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।

ਪੁਲਿਸ ਟੀਮਾਂ ਨੇ ਗਾਹਕਾਂ ਨਾਲ ਗੱਲ ਕਰਨ ਸਿਖਲਾਈ ਸਕ੍ਰਿਪਟਾਂ ਤੋਂ ਇਲਾਵਾ 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ।

ਕੁੱਲ 155 ਵਿਅਕਤੀਆਂ ਵਿੱਚੋਂ 18 ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਦਕਿ ਬਾਕੀ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਧੋਖਾਧੜੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਆਸ ਹੈ।

ਇਸ ਸਬੰਧੀ ਐਫਆਈਆਰ ਨੰ. 14/24 ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419, 420, 467, 468, 471 ਅਤੇ 120 ਬੀ ਅਤੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 663 ਅਤੇ 664 ਦੇ ਤਹਿਤ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਸੈੱਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

Exit mobile version