‘ਦ ਖ਼ਾਲਸ ਬਿਊਰੋ :- ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ ਦਿੱਲੀ ਵੱਲ ਕੂਚ ਕਰਨ ਵਿੱਚ ਹਰਿਆਣਾ ਸਰਕਾਰ ਦੇ ਅੜਿਕਾ ਬਣਨ ਦੀ ਰਣਨੀਤੀ ਪੂਰੀ ਤਰ੍ਹਾਂ ਨਾਲ ਫਲਾਪ ਹੋ ਰਹੀ ਹੈ। ਕਿਸਾਨਾਂ ਨੂੰ ਨਾ ਤਾਂ ਹੰਝੂ ਗੈਸ ਦੇ ਗੋਲੇ ਅਤੇ ਨਾ ਹੀ ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਅੱਗੇ ਵਧਣ ਤੋਂ ਰੋਕ ਸਕੀਆ, ਹੁਣ ਜਦੋਂ ਕਿਸਾਨ ਦਿੱਲੀ ਪਹੁੰਚੇ ਤਾਂ ਕੇਂਦਰ ਸਰਕਾਰ ਨੂੰ ਉਨ੍ਹਾਂ ਸਾਹਮਣੇ ਪਿਆ ਝੁਕਣਾ ਹੀ ਪਿਆ ਅਤੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਹੀ ਪਈ, ਪਰ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਕਾਨੂੰਨੀ ਤੌਰ ‘ਤੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਕਾਰਵਾਹੀ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ।
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪੁਲਿਸ ਵੱਲੋਂ ਹਰ ਬਾਰਡਰ ‘ਤੇ ਲਾਏ ਗਏ ਬੈਰੀਕੇਡਾਂ ਦੀ ਪਰਵਾ ਕੀਤੇ ਬਗ਼ੈਰ ਅੱਗੇ ਵਧਦੇ ਤੂਰੇ ਗਏ, ਜਿਸ ਦੌਰਾਨ ਕੁੱਝ ਕਿਸਾਨਾਂ ਨੇ ਬੈਰੀਕੇਡ ਤੋੜੇ ਅਤੇ ਰਾਹ ਵਿੱਚ ਰੱਖੇ ਵੱਡੇ-ਵੱਡੇ ਪੱਥਰਾਂ ਨੂੰ ਪਾਸੇ ਕਰ ਆਪਣਾ ਰਾਹ ਪੱਦਰਾ ਕਰ ਲਿਆ, ਜਿਸ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਹਲਕੀ ਫੁਲਕੀ ਝੜਪ ਵੀ ਹੋਈ। ਜਿਸ ਨੂੰ ਵੇਖ ਹੁਣ ਹਰਿਆਣਾ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਕਈ ਕਿਸਾਨ ਆਗੂਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕਰ ਲਿਆ ਹੈ। ਸ਼ਾਹਬਾਦ ਵਿੱਚ 11 ਕਿਸਾਨ ਆਗੂਆਂ ਖਿਲਾਫ਼ ਮਾਮਲਾ ਦਰਜ ਹੋਇਆ ਹੈ, ਜਦਕਿ ਪਿਹੋਵਾ ਵਿੱਚ 6 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਇੰਨਾਂ ਕਿਸਾਨ ਆਗੂਆਂ ਖਿਲਾਫ਼ ਡਿਜਾਸਟਰ ਮੈਨੇਜਮੈਂਟ ਦੀ ਸਖ਼ਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਹਰਿਆਣਾ ਤੇ ਪੰਜਾਬ ਦੇ ਵੱਡੇ ਕਿਸਾਨ ਆਗੂ ਖਿਲਾਫ਼ ਮਾਮਲਾ ਦਰਜ
ਹਰਿਆਣਾ ਵਿੱਚ ਭਾਰਤੀ ਕਿਸਾਨ ਆਗੂ ਗੁਰਨਾਮ ਸਿੰਘ, ਸੂਬੇ ਦੇ ਬੁਲਾਰੇ ਰਾਕੇਸ਼ ਬੈਂਸ ਸਮੇਤ 5 ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੂ ਸਮੇਤ ਹਜ਼ਾਰਾਂ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਕਾਨੂੰਨ ਦੇ ਤਹਿਤ ਮਾਮਲਾ ਦਰਜ
ਭਾਰਤੀ ਕਾਨੂੰਨ ਦੀ ਧਾਰਾ 114,147,148,149,186,158,332,375,307,283,120B ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।