India Lok Sabha Election 2024

ਸਾਵਧਾਨ! ਇਨ੍ਹਾਂ ‘ਨਕਲੀ ਉਂਗਲਾਂ’ ਤੋਂ ਬਚਕੇ! 5 ਸਾਲ ਬਰਬਾਦ ਕਰ ਦੇਣਗੀਆਂ!

Fact Check: Claim of Using Fake Fingers for Voting in West Bengal Debunked

ਬਿਉਰੋ ਰਿਪੋਰਟ – ਭਾਰਤ ਵਿੱਚ ਅਗਲੀ ਸਰਕਾਰ ਚੁਣਨ ਲਈ ਹੁਣ ਤੱਕ 2 ਗੇੜ੍ਹ ਦੀ ਵੋਟਿੰਗ ਹੋ ਚੁੱਕੀ ਹੈ। ਤੀਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਇਸ ਤਸਵੀਰ ਦੇ ਜ਼ਰੀਏ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ਪ੍ਰਭਾਵਿਤ ਕਰਨ ਲਈ ਨਕਲੀ ਉਂਗਲੀਆਂ ਵੋਟਰਾਂ ਨੂੰ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਦੋ ਵਾਰ ਵੋਟ ਪਾਈ ਜਾ ਸਕੇ।

ਦਰਅਸਲ ਮਾਮਲਾ ਪੱਛਮੀ ਬੰਗਾਲ ਨਾਲ ਸਬੰਧਿਤ ਹੈ ਜਿੱਥੇ ਲੋਕ ਸਭਾ ਚੋਣਾਂ ਦੇ 7 ਵਿੱਚੋਂ 2 ਪੜਾਅ ਪੂਰੇ ਹੋ ਚੁੱਕੇ ਹਨ। ਅਗਲੇ ਪੜਾਅ ਦੀ ਵੋਟਿੰਗ 7 ਮਈ ਨੂੰ ਹੋਣੀ ਹੈ ਤੇ ਆਖਰੀ ਪੜਾਅ ਦੀ ਵੋਟਿੰਗ 1 ਮਈ ਨੂੰ ਹੋਵੇਗੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਸ ਪੋਸਟ ‘ਚ ਨਕਲੀ ਉਂਗਲ ਦੀ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੋਟਿੰਗ ਨੂੰ ਪ੍ਰਭਾਵਿਤ ਕਰਨ ਲਈ ਬੰਗਾਲ ਵਿੱਚ ਨਕਲੀ ਉਂਗਲਾਂ ਵੰਡੀਆਂ ਜਾ ਰਹੀਆਂ ਹਨ।

ਇਸ ਪੋਸਟ ਨੂੰ X ‘ਤੇ ਬਹੁਤ ਸਾਰੇ ਪ੍ਰਮਾਣਿਤ ਅਤੇ ਗੈਰ-ਪ੍ਰਮਾਣਿਤ ਯੂਜ਼ਰਸ ਦੁਆਰਾ ਸਾਂਝਾ ਕੀਤਾ ਗਿਆ ਸੀ। ਅਟਲ ਪ੍ਰਤਾਪ ਨਾਮ ਦੇ ਇੱਕ ਯੂਜ਼ਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਡੁਪਲੀਕੇਟ ਵੋਟ ਪਾਉਣ ਲਈ ਪੱਛਮੀ ਬੰਗਾਲ ਵਿੱਚ ਅਸਲੀ ਦਿਸਣ ਵਾਲੇ ਨਕਲੀ ਫਿੰਗਰ ਕਵਰ ਬਣਾਏ ਅਤੇ ਵੰਡੇ ਜਾ ਰਹੇ ਹਨ। ਉਹ ਸਿਸਟਮ ਨੂੰ ਧੋਖਾ ਦੇਣ ਲਈ ਕਿਸ ਹੱਦ ਤੱਕ ਜਾ ਸਕਦਾ ਹੈ?

ਪੋਲਿਟਿਕਸ ਪੀਡੀਓ (Politicspedia) ਨਾਂ ਦੇ ਇੱਕ ਹੋਰ X ਹੈਂਡਲ ਨੇ ਉਸੇ ਦਾਅਵੇ ਅਤੇ ਕੈਪਸ਼ਨ ਨਾਲ ਪੋਸਟ ਨੂੰ ਸਾਂਝਾ ਕੀਤਾ ਹੈ। ਪੋਸਟ ‘ਚ ਯੂਜ਼ਰ ਨੇ ਚੋਣ ਕਮਿਸ਼ਨ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।

ਵਾਇਰਲ ਫੋਟੋ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਤੁਸੀਂ ਸੌਂਦੇ ਰਹੋ ਅਤੇ ਉਹ ਤੁਹਾਡੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨਗੇ। ਇਸ ਤਰ੍ਹਾਂ ਉਹ ਚੋਣਾਂ ਜਿੱਤਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਨ੍ਹਾਂ ਰਾਸ਼ਟਰ ਵਿਰੋਧੀ ਸਾਜ਼ਿਸ਼ਾਂ ਤੋਂ ਬਚਣ ਲਈ ਚੋਣਾਂ ਨੂੰ ਹੋਰ ਹਾਈਟੈਕ ਬਣਾਉਣਾ ਪੈ ਸਕਦਾ ਹੈ।

ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਹੈ ਕਿ ਇਹ ਏਬੀਸੀ ਨਿਊਜ਼ (ABC News) ਦੀ ਵੈੱਬਸਾਈਟ ‘ਤੇ ਵਾਇਰਲ ਫੋਟੋ ਨਾਲ ਜੁੜੀ ਖ਼ਬਰ ਮਿਲੀ ਹੈ। ਮੀਡੀਆ ਖ਼ਬਰ ਮੁਤਾਬਕ ਜਾਪਾਨ ‘ਚ ਮਾਫੀਆ ਗੈਂਗ ‘ਯਾਕੂਜ਼ਾ’ ਦੇ ਮੈਂਬਰਾਂ ਨੂੰ ਗੰਭੀਰ ਅਪਰਾਧ ਕਰਨ ‘ਤੇ ਸਜ਼ਾ ਦੇ ਤੌਰ ‘ਤੇ ਆਪਣੇ ਹੱਥ ਦੀ ਉਂਗਲ ਕੱਟਣੀ ਪੈਂਦੀ ਹੈ। ਮਾਫੀਆ ਗਰੋਹ ਵਿੱਚ ਹਰ ਅਪਰਾਧ ਲਈ ਇੱਕ ਉਂਗਲ ਕੱਟਣੀ ਪੈਂਦੀ ਹੈ।

ਅਜਿਹੇ ‘ਚ ਉਹ ਅਪਰਾਧੀ ਇਸ ਗੈਂਗ ਨੂੰ ਛੱਡ ਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ। ਉਂਗਲਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਕੰਮ ਲੱਭਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਪ੍ਰੋਸਥੈਟਿਕ ਨਿਰਮਾਤਾ ਸ਼ਿਨਤਾਰੋ ਹਯਾਸ਼ੀ ਸਾਬਕਾ ਅਪਰਾਧੀਆਂ ਦੇ ਪੁਨਰਵਾਸ ਲਈ ਨਕਲੀ ਉਂਗਲਾਂ ਬਣਾਉਂਦੇ ਹਨ।

ਇਹ ਖ਼ਬਰ 6 ਜੂਨ 2013 ਨੂੰ ਏਬੀਸੀ ਨਿਊਜ਼ (ABC News) ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਹੋਈ ਸੀ। ਜਾਂਚ ਦੌਰਾਨ ਇਸ ਬਾਰੇ reddit.com ਵੈੱਬਸਾਈਟ ‘ਤੇ ਵਾਇਰਲ ਫੋਟੋ ਵੀ ਮਿਲੀ ਹੈ।

ਇਸ ਤੋਂ ਇਲਾਵਾ ਜਾਂਚ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰਿਤ ਐਕਸ ਖ਼ਾਤੇ ‘ਤੇ ਵੀ ਵਾਇਰਲ ਫੋਟੋ ਨਾਲ ਸਬੰਧਿਤ ਇੱਕ ਪੋਸਟ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਵਾਇਰਲ ਫੋਟੋ ਦਾ ਖੰਡਨ ਕਰਦਿਆਂ ਇਸ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਲਿਖਿਆ – ਪੱਛਮੀ ਬੰਗਾਲ ਵਿੱਚ ਚੱਲ ਰਹੀਆਂ ਆਮ ਚੋਣਾਂ 2024 ਵਿੱਚ ਡੁਪਲੀਕੇਟ ਵੋਟਾਂ ਦੇ ਫਰਜ਼ੀ ਦਾਅਵੇ ਨਾਲ ਜਾਪਾਨ ਤੋਂ ਨਕਲੀ ਉਂਗਲਾਂ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਜਾ ਰਹੀ ਹੈ।

ਉਕਤ ਸਾਰੀ ਜਾਣਕਾਰੀ ਤੋਂ ਸਾਫ਼ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਫੋਟੋ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।

ਇਹ ਵੀ ਪੜ੍ਹੋ – ਨਿੱਝਰ ਕਤਲਕਾਂਡ ‘ਚ 3 ਮੁਲਜ਼ਮ ਗ੍ਰਿਫਤਾਰ! ਲਾਰੈਂਸ ਗੈਂਗ ਨਾਲ ਸਬੰਧ!