‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਟਾਕਰੇ ਅਤੇ ਲੋਕਾਂ ਤੱਕ ਅਸਲ ਜਾਣਕਾਰੀ ਪਹੁੰਚਾਉਣ ਦੇ ਇਰਾਦੇ ਨਾਲ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸ਼ੁਰੂ ਕੀਤੇ ‘ਕਿਸਾਨ ਏਕਤਾ ਮੋਰਚਾ’ ਦਾ ਫੇਸਬੁੱਕ ਪੇਜ਼ ਕੁੱਝ ਘੰਟਿਆਂ ਲਈ ਬੰਦ ਹੋਣ ਤੋਂ ਇੱਕ ਦਿਨ ਮਗਰੋਂ ਫੇਸਬੁੱਕ ਨੇ ਆਪਣੀ ਸਫ਼ਾਈ ’ਚ ਇਸ ਸਭ ਲਈ ‘ਸਪੈਮ’ ਸਿਰ ਭਾਂਡਾ ਭੰਨਿਆ ਹੈ।
ਫੇਸਬੁੱਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਇਸ ਪੇਜ਼ ਦਾ ਵੱਧ ਇਸਤੇਮਾਲ ਕੀਤੇ ਜਾਣ ਕਰਕੇ ਮੀਡੀਆ ਪਲੇਟਫਾਰਮ ਦੇ ‘ਸਪੈਮ’ ਅਤੇ ਕਮਿਊਨਿਟੀ ਸਟੈਂਡਰਡਜ਼ ਦੇ ਨੇਮਾਂ ਦੇ ਉਲਟ ਜਾਣ ਕਰਕੇ ‘ਸਵੈ-ਚਲਿਤ ਪ੍ਰਣਾਲੀਆਂ’ ਨੇ ਫੇਸਬੁੱਕ ਪੇਜ਼ ’ਤੇ ਵੱਧ ਸਰਗਰਮੀ ਨੂੰ ਭਾਂਪਦੇ ਹੋਏ ਇਸ ਸਫ਼ੇ ਨੂੰ ਸਪੈਮ ਵਜੋਂ ਨਿਸ਼ਾਨਬੱਧ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਜਦੋਂ ਇਸ ਨੁਕਸ ਦਾ ਪਤਾ ਲੱਗਾ ਤਾਂ ਤਿੰਨ ਘੰਟੇ ਅੰਦਰ ਪੇਜ਼ ਮੁੜ ਸ਼ੁਰੂ ਕਰ ਦਿੱਤਾ ਗਿਆ।
ਬੀਤੀ ਸ਼ਾਮ ਇਹ ਪੇਜ਼ ਬੰਦ ਹੋਣ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕੰਪਨੀ ਨੂੰ ਕਰਾਰੇ ਹੱਥੀਂ ਲਿਆ ਸੀ। ਇਹ ਪੇਜ਼ ਮੋਰਚੇ ਦੇ ‘IT ਸੈੱਲ’ ਵੱਲੋਂ ਦੋ ਤਿੰਨ ਦਿਨ ਪਹਿਲਾਂ ਕਾਇਮ ਕੀਤਾ ਗਿਆ ਹੈ।