Punjab

AIG ਮਾਲਵਿੰਦਰ ਸਿੱਧੂ ਖਿਲਾਫ ਹੋਇਆ ਪਰਚਾ, ਲੱਗੇ ਕਈ ਵੱਡੇ ਦੋਸ਼….

Extortion case registered against suspended AIG Sidhu and two others

ਪੰਜਾਬ ਵਿਜੀਲੈਂਸ ਬਿਊਰੋ ਨੇ AIG ਮਾਲਵਿੰਦਰ ਸਿੰਘ ਸਿੱਧੂ ਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਜਬਰਨ ਵਸੂਲੀ, ਧੋਖਾਧੜੀ ਤੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਹੈ। ਉਹ ਮਨੁੱਖੀ ਅਧਿਕਾਰ ਸੈੱਲ ਪੰਜਾਬ ਵਿੱਚ ਬਤੌਰ ਅਸਿਸਟੈਂਟ ਇੰਸਪੈਕਟਰ ਆਫ਼ ਜਨਰਲ ਦੇ ਅਹੁਦੇ ‘ਤੇ ਤਾਇਨਾਤ ਸਨ। ਇਨ੍ਹਾਂ ਦੇ ਨਾਲ ਮੋਹਾਲੀ ਨਿਵਾਸੀ ਡਰਾਈਵਰ ਕੁਲਦੀਪ ਸਿੰਘ ਤੇ ਪਟਿਆਲਾ ਨਿਵਾਸੀ ਬਲਬੀਰ ਸਿੰਘ ਦਾ ਨਾਂ ਵੀ ਕੇਸ ਵਿੱਚ ਸ਼ਾਮਲ ਹੈ।

ਵਿਜੀਲੈਂਸ ਬਿਊਰੋ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਨਾਜਾਇਜ਼ ਸ਼ਿਕਾਇਤ ਦੇ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ। ਇਸ ਵਿੱਚ 6ਅਕਤੂਬਰ ਨੂੰ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ। ਇਸ ਦੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਆਈਪੀਸੀ ਦੀ ਧਾਰਾ 384, 419, 420 ਤੇ 120ਬੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ AIG ‘ਤੇ ਆਪਣੀ ਸਰਕਾਰੀ ਗੱਡੀ ਦੀ ਵੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਉਨ੍ਹਾਂ ਨੂੰ ਆਰਟਿਗਾ ਗੱਡੀ ਮਿਲੀ ਹੋਈ ਸੀ, ਜਿਸ ਵਿੱਚ ਉਹ ਪੰਜਾਬ ਵਿਜੀਲੈਂਸ ਦੇ AIG ਬਣ ਕੇ ਲੋਕਾਂ ਦੀ ਜਾਂਚ ਕਰਨ ਲਈ ਜਾਂਦੇ ਸਨ। ਜਦਕਿ ਪਿਛਲੇ 5 ਸਾਲਾਂ ਦੌਰਾਨ ਉਹ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਕੰਮ ਨਹੀਂ ਕਰ ਰਹੇ ਹਨ। ਇਸ ਗੱਡੀ ਦੀ ਕੋਈ ਲੋਗ ਬੁਕ ਵੀ ਮੇਂਟੇਨ ਨਹੀਂ ਕੀਤੀ ਸੀ।

ਮਾਲਵਿੰਦਰ ਸਿੰਘ ਸਿੱਧੂ ਨੂੰ ਮੋਹਾਲੀ ਪੁਲਿਸ ਨੇ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਦੇ ਡੀਐਸਪੀ ਵਰਿੰਦਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ‘ਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ, ਸਰਕਾਰੀ ਅਧਿਕਾਰੀ ਨਾਲ ਝਗੜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਰਗੇ ਗੰਭੀਰ ਦੋਸ਼ ਲੱਗੇ ਸਨ।

ਦੱਸ ਦੇਈਏ ਕਿ 25 ਅਕਤੂਬਰ ਨੂੰ ਉਹ ਵਿਜੀਲੈਂਸ ਦੀ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਪੁੱਜੇ ਸਨ। ਪੁੱਛਗਿੱਛ ਦੌਰਾਨ ਉਸ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਤਕਰਾਰ ਹੋ ਗਈ।

ਪੁੱਛਗਿੱਛ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣਾ ਮੋਬਾਈਲ ਫ਼ੋਨ ਜਮ੍ਹਾ ਕਰਨ ਲਈ ਕਿਹਾ ਸੀ ਪਰ ਉਹ ਮੋਬਾਈਲ ਫ਼ੋਨ ‘ਤੇ ਪੁੱਛਗਿੱਛ ਦੀ ਰਿਕਾਰਡਿੰਗ ਕਰ ਰਹੇ ਸਨ। ਇਸ ਕਾਰਨ ਉਨ੍ਹਾਂ ਦੀ ਵਿਜੀਲੈਂਸ ਅਧਿਕਾਰੀ ਨਾਲ ਝੜਪ ਹੋ ਗਈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਵੀ ਵਿਜੀਲੈਂਸ ਦਫ਼ਤਰ ਦੇ ਬਾਹਰ ਹਾਈਵੋਲਟੇਜ ਡਰਾਮਾ ਰਚਿਆ। ਉਨ੍ਹਾਂ ਨੂੰ ਕਾਬੂ ਕਰਨ ਲਈ ਉੱਥੇ ਮਹਿਲਾ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ।