Punjab

ਪੰਜਾਬ ਦੇ ਕਈ ਇਲਾਕਿਆਂ ਵਿਚ ਹੋਏ ਧਮਾਕੇ

ਪਾਕਿਸਤਾਨ ਨੇ ਅੱਜ ਸਵੇਰੇ (10 ਮਈ) ਲਗਾਤਾਰ ਚੌਥੇ ਦਿਨ ਪੰਜਾਬ ‘ਤੇ ਹਮਲਾ ਕੀਤਾ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਜ਼ੋਰਦਾਰ ਧਮਾਕੇ ਸੁਣੇ ਗਏ। ਅੰਮ੍ਰਿਤਸਰ ਵਿੱਚ ਇੱਕ ਡਰੋਨ ਦੇਖਿਆ ਗਿਆ, ਜਿਸਨੂੰ ਫੌਜ ਨੇ ਨਸ਼ਟ ਕਰ ਦਿੱਤਾ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ, ਪਾਕਿਸਤਾਨ ਨੇ ਪੰਜਾਬ ‘ਤੇ ਡਰੋਨ ਹਮਲੇ ਕੀਤੇ। ਡਰੋਨ ਹਮਲੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ ਅਤੇ ਪਠਾਨਕੋਟ ਵਿੱਚ ਹੋਏ।

ਰਾਤ 9 ਵਜੇ ਦੇ ਕਰੀਬ, ਫਿਰੋਜ਼ਪੁਰ ਦੇ ਖਾਈ ਸੇਮੇ ਪਿੰਡ ਵਿੱਚ ਇੱਕ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ।

ਸਵੇਰੇ 2 ਵਜੇ, ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ ‘ਤੇ ਡਰੋਨ ਦੀ ਗਤੀ ਦੇਖੀ ਗਈ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ। ਕੰਗਨੀਵਾਲ ਇਲਾਕੇ ਵਿੱਚ ਇੱਕ ਰਾਕੇਟ ਵਰਗੀ ਚੀਜ਼ ਇੱਕ ਕਾਰ ‘ਤੇ ਡਿੱਗ ਪਈ। ਝੰਡੂ ਸਿੰਘਾ ਪਿੰਡ ਵਿੱਚ ਇੱਕ ਡਰੋਨ ਦੇ ਕੁਝ ਹਿੱਸੇ ਇੱਕ ਸੁੱਤੇ ਹੋਏ ਵਿਅਕਤੀ ਉੱਤੇ ਡਿੱਗ ਪਏ। ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ। ਪ੍ਰਸ਼ਾਸਨ ਨੇ ਸਵੇਰੇ 4.25 ਵਜੇ ਇੱਥੇ ਬਲੈਕਆਊਟ ਖ਼ਤਮ ਕਰ ਦਿੱਤਾ। ਸਿਰਫ਼ 3 ਮਿੰਟ ਬਾਅਦ, ਵੇਰਕਾ ਮਿਲਕ ਪਲਾਂਟ ਨੇੜੇ 5 ਧਮਾਕੇ ਸੁਣੇ ਗਏ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਛਿੱਛਰਾ ਵਿਖੇ ਸਵੇਰੇ ਪੌਣੇ ਪੰਜ ਵਜੇ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿਚ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਟੋਇਆ ਬਣ ਗਿਆ ਹੈ ਅਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਅਤੇ ਤਿੰਨ ਤੋਂ ਚਾਰ ਕਿਲੋਮੀਟਰ ਦੇ ਏਰੀਏ ਦੇ ਵਿਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ। ਇਸ ਦੌਰਾਨ ਪੂਰਾ ਪਿੰਡ ਮੌਕੇ ’ਤੇ ਇਕੱਠਾ ਹੋ ਗਿਆ।