India

ਪੁਣਛ ’ਚ ਗੁਰਦੁਆਰਾ ਸਾਹਿਬ ਦੇ ਬਾਹਰ ਧਮਾਕਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ….

Explosion outside Gurdwara Sahib in Poonch, no loss of life...

 ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਗੁਰਦੁਆਰਾ ਮਹੰਤ ਸਾਹਿਬ ਦੇ ਬਾਹਰ ਇੱਕ ਸ਼ੱਕੀ ਧਮਾਕਾ ਹੋਇਆ। ਇਸ ਕਾਰਨ ਗੁਰਦੁਆਰੇ ਸਮੇਤ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ’ਚ ਦਰਾੜ ਆ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰੇ ਸ਼ਹਿਰ ‘ਚ ਸੁਣਾਈ ਦਿੱਤੀ। ਇਸ ਦੇ ਨਾਲ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਰਾਤ ਕਰੀਬ 11.15 ਵਜੇ ਪੁੰਛ ਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਦੇ ਆਸ-ਪਾਸ ਇੱਕ ਧਾਰਮਿਕ ਸਥਾਨ ਦੇ ਨਾਲ ਲੱਗਦੀ ਗਲੀ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ, ਜਿਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਐੱਸਓਜੀ, ਪੁਲਿਸ, ਸੀਆਰਪੀਐੱਫ ਅਤੇ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਡੀਸੀ ਯਾਸੀਨ ਮੁਹੰਮਦ ਚੌਧਰੀ, ਐਸਐਸਪੀ ਯੁਗਲ ਮਨਹਾਸ, ਡੀਐਸਪੀ ਹੈੱਡਕੁਆਰਟਰ ਕੁਲਦੀਪ ਕੁਮਾਰ ਅਤੇ ਡੀਐਸਪੀ ਅਪਰੇਸ਼ਨ ਏਜਾਜ਼ ਅਹਿਮਦ ਚੌਧਰੀ ਵੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੀ ਪ੍ਰਕਿਰਤੀ ਦੀ ਜਾਂਚ ਕਰਨ ਲਈ ਫੋਰੈਂਸਿਕ ਮਾਹਰਾਂ ਦੇ ਨਾਲ ਪੁਲਿਸ ਅਤੇ ਫੌਜ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਅੱਤਵਾਦੀਆਂ ਵੱਲੋਂ ਚੀਨੀ ਹੱਥਗੋਲੇ ਸੁੱਟੇ ਜਾਣ ਤੋਂ ਬਾਅਦ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।

ਗੁਰਦੁਆਰਾ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਪੰਥ ਦੇ 325 ਸਾਲ ਪੂਰੇ ਹੋਣ ‘ਤੇ 7 ਤੋਂ 11 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਵਿਖੇ ਵੱਡੇ ਸਮਾਗਮ ਦੀ ਤਜਵੀਜ਼ ਹੈ | ਅਜਿਹੇ ‘ਚ ਇਸ ਤਰ੍ਹਾਂ ਦੇ ਧਮਾਕੇ ਕਾਰਨ ਲੋਕਾਂ ‘ਚ ਡਰ ਦੇ ਨਾਲ-ਨਾਲ ਗੁੱਸਾ ਵੀ ਹੈ। ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਗੁਰਦੁਆਰੇ ਦੀ ਕੰਧ ‘ਤੇ ਛਰੇ ਲੱਗਣ ਦੇ ਨਿਸ਼ਾਨ ਹਨ। ਕੁਝ ਸਮੇਂ ਬਾਅਦ ਐਸਐਸਪੀ ਪੁਣਛ ਜੁਗਲ ਮਿਨਹਾਸ ਤੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਯਾਸੀਨ ਮੁਹੰਮਦ ਚੌਧਰੀ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ। ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੈਂਪਲ ਲਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਵੇਂ ਹੋਇਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹੱਥ ਨਾਲ ਬਣੀ ਵਿਸਫੋਟਕ ਸਮੱਗਰੀ ਹੈ। ਦੱਸ ਦਈਏ ਕਿ ਪਿਛਲੇ ਡੇਢ ਸਾਲ ‘ਚ ਪੁਣਛ ਜ਼ਿਲ੍ਹੇ ‘ਚ ਇਸ ਤਰ੍ਹਾਂ ਦੇ ਕਰੀਬ ਚਾਰ ਧਮਾਕੇ ਹੋ ਚੁੱਕੇ ਹਨ।