ਵੀਰਵਾਰ ਦੇਰ ਰਾਤ ਮੁਕਤਸਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ। 5 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ ਵਿੱਚੋਂ 29 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਬਠਿੰਡਾ ਏਮਜ਼ ਅਤੇ ਬਾਦਲ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਫੈਕਟਰੀ ਵਿੱਚ ਕੁੱਲ 40 ਲੋਕ ਕੰਮ ਕਰਦੇ ਸਨ। ਜ਼ਖਮੀ ਮਜ਼ਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚੋਂ ਹੁਣ ਤੱਕ ਸਿਰਫ਼ ਇੱਕ 25 ਸਾਲਾ ਰਾਹੁਲ, ਜੋ ਕਿ ਅਲੀਗੜ੍ਹ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਦੀ ਪਛਾਣ ਹੋ ਸਕੀ ਹੈ। ਬਾਦਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਵਿੱਚ ਗਣੇਸ਼ (25), ਮੋਹਿਤ (23), ਅਮਿਤ (26), ਅਮਿਤ (21), ਅੰਕਿਤ (20), ਅਕਸ਼ੈ (22), ਬਹਾਦਰ (25), ਮਨੋਜ (23) ਅਤੇ ਪਿੰਟੂ (21) ਸ਼ਾਮਲ ਹਨ। ਬਠਿੰਡਾ ਹਸਪਤਾਲ ਵਿੱਚ ਸੋਨੂੰ (21), ਰੋਹਿਤ (20), ਵਿਕਾਸ (21), ਸੰਜੇ (23), ਭੋਲਾ (25), ਮੁਕੇਸ਼ (32) ਵੀ ਦਾਖਲ ਹਨ।
ਇਹ ਘਟਨਾ ਸਿੰਘੇਵਾਲਾ ਪਿੰਡ ਵਿੱਚ ਸਵੇਰੇ 1.30 ਵਜੇ ਵਾਪਰੀ। ਇੱਥੇ ਕੰਮ ਕਰਨ ਵਾਲੇ ਇੱਕ ਵਰਕਰ ਅਰੁਣ ਨੇ ਕਿਹਾ, “ਅਸੀਂ ਰਾਤ ਦੀ ਸ਼ਿਫਟ ਤੋਂ ਬਾਅਦ ਸੌਂ ਰਹੇ ਸੀ ਜਦੋਂ ਅਚਾਨਕ ਇੱਕ ਧਮਾਕਾ ਹੋਇਆ ਅਤੇ ਬਹੁਤ ਸਾਰੇ ਲੋਕ ਮਲਬੇ ਹੇਠਾਂ ਦੱਬ ਗਏ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਫੈਕਟਰੀ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਢਹਿ ਗਿਆ।”
ਸਥਾਨਕ ਲੋਕਾਂ ਅਨੁਸਾਰ, ਫੈਕਟਰੀ ਦੋ ਮੰਜ਼ਿਲਾ ਇਮਾਰਤ ਸੀ। ਪਹਿਲੀ ਮੰਜ਼ਿਲ ‘ਤੇ ਕੁਝ ਕਮਰੇ ਬਣੇ ਹੋਏ ਸਨ। ਸਾਰੇ ਮਜ਼ਦੂਰਾਂ ਦੀ ਰਿਹਾਇਸ਼ ਦਾ ਪ੍ਰਬੰਧ ਫੈਕਟਰੀ ਵਿੱਚ ਹੀ ਕੀਤਾ ਗਿਆ ਸੀ। ਮੌਕੇ ਤੋਂ ਬਾਰੂਦ ਅਤੇ ਰਸਾਇਣ ਬਰਾਮਦ ਕੀਤੇ ਗਏ ਹਨ।