ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ‘ਚ ਜਿੱਤ-ਹਾਰ ਦਾ ਰਿਵਾਜ ਟੁੱਟੇਗਾ ਜਾਂ ਗੁਜਰਾਤ ‘ਚ ਜਿੱਤ ਦਾ ਕੋਈ ਹੋਰ ਰਿਕਾਰਡ ਬਣੇਗਾ, ਇਸ ਦਾ ਅੰਤਿਮ ਨਤੀਜਾ 8 ਦਸੰਬਰ ਨੂੰ ਹੀ ਸਾਹਮਣੇ ਆਵੇਗਾ । ਦੋਵੇਂ ਸੂਬਿਆਂ ਵਿੱਚ ਪਹਿਲੀ ਵਾਰ ਤ੍ਰਿਕੋਣਾ ਮੁਕਾਬਲਾ ਹੋਇਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ , ਭਾਜਪਾ ਅਤੇ ਕਾਂਗਰਸ ਆਪੋ ਆਪਣੇ ਦਾਅ ਲਾ ਰਹੀਆਂ ਹਨ। ਤਿੰਨੋਂ ਪਾਰਟੀਆਂ ਦੋਹਾਂ ਰਾਜਾਂ ਵਿੱਚ ਆਪਣੀ ਸਰਕਾਰ ਬਣਨ ਦੇ ਦਾਅਵੇ ਕਰ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਅੰਕੜਿਆਂ ਨੇ ਧੁੰਦਲੀ ਤਸਵੀਰ ਦਿਖਾਈ ਹੈ।
ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਕਿਸ ਦੀ ਸਰਕਾਰ ਬਣ ਸਕਦੀ ਹੈ। ਸਾਰੇ ਐਗਜ਼ਿਟ ਪੋਲ ਦੇ ਮੁਤਾਬਿਕ ਗੁਜਰਾਤ ‘ਚ ਸੱਤਾਧਾਰੀ ਭਾਜਪਾ ਭਾਵ ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਜਦਕਿ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋਣ ਦੀ ਸੰਭਾਵਨਾ ਹੈ, ਉਥੇ ਹੀ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਦੀ ਹੋਈ ਨਜ਼ਰ ਆ ਰਹੀ ਹੈ।
ਸੋਮਵਾਰ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਐਗਜ਼ਿਟ ਪੋਲ ਮੁਤਾਬਿਕ ਭਾਜਪਾ ਨੂੰ ਗੁਜਰਾਤ ‘ਚ ਸਪੱਸ਼ਟ ਬਹੁਮਤ ਮਿਲ ਸਕਦਾ ਹੈ, ਜਦਕਿ ਕਈ ਐਗਜ਼ਿਟ ਪੋਲ ਨੇ ਹਿਮਾਚਲ ਪ੍ਰਦੇਸ਼ ‘ਚ ਇਸ ਨੂੰ ਬੜ੍ਹਤ ਦਿਖਾਈ ਹੈ। ਜਦੋਂਕਿ ਕੁਝ ਐਗਜ਼ਿਟ ਪੋਲਾਂ ਵਿੱਚ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਬੜ੍ਹਤ ਮਿਲਣ ਦਾ ਅਨੁਮਾਨ ਲਗਾਇਆ ਹੈ। ਇਸ ਤਰ੍ਹਾਂ ਗੁਜਰਾਤ ‘ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ, ਪਰ ਹਿਮਾਚਲ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੈ।
ਐਗਜ਼ਿਟ ਪੋਲ ਮੁਤਾਬਿਕ ਗੁਜਰਾਤ ‘ਚ ਕਾਂਗਰਸ ਦੀ ਸਥਿਤੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਕੁਝ ਸੀਟਾਂ ‘ਤੇ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਤਾਂ ਆਓ ਜਾਣਦੇ ਹਾਂ ਸਾਰੀਆਂ ਏਜੰਸੀਆਂ ਦੇ ਐਗਜ਼ਿਟ ਪੋਲ ਵਿੱਚ ਕਿਹੜੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ।
ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਦਾ ਅੰਦਾਜ਼ਾ
ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਗੁਜਰਾਤ ‘ਚ ਭਾਜਪਾ ਨੂੰ ਇੱਕ ਵਾਰ ਫਿਰ ਤੋਂ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੀ 182 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ 92 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਸੋਮਵਾਰ ਨੂੰ 93 ਸੀਟਾਂ ‘ਤੇ ਵੋਟਿੰਗ ਹੋਈ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ 89 ਸੀਟਾਂ ‘ਤੇ ਵੋਟਿੰਗ ਹੋਈ ਸੀ।
‘ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ‘ ਐਗਜ਼ਿਟ ਪੋਲ: ਗੁਜਰਾਤ ‘ਚ ਭਾਜਪਾ ਨੂੰ 129 ਤੋਂ 151 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਕਾਂਗਰਸ ਨੂੰ 16 ਤੋਂ 30 ਸੀਟਾਂ ਮਿਲਣ ਦੀ ਸੰਭਾਵਨਾ ਹੈ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ 9-11 ਸੀਟਾਂ ਮਿਲ ਸਕਦੀਆਂ ਹਨ।
‘ਏਬੀਪੀ-ਸੀ ਵੋਟਰ‘ ਐਗਜ਼ਿਟ ਪੋਲ: ਗੁਜਰਾਤ ‘ਚ ਭਾਜਪਾ ਨੂੰ 128 ਤੋਂ 140 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 31 ਤੋਂ 43 ਸੀਟਾਂ ‘ਤੇ ਸਬਰ ਕਰਨਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਤਿੰਨ ਤੋਂ 11 ਸੀਟਾਂ ਮਿਲ ਸਕਦੀਆਂ ਹਨ।
‘ਨਿਊਜ਼ ਐਕਸ-ਜਨ ਕੀ ਬਾਤ‘ ਐਗਜ਼ਿਟ ਪੋਲ: ਗੁਜਰਾਤ ਵਿੱਚ ਭਾਜਪਾ ਨੂੰ 117 ਤੋਂ 140 ਸੀਟਾਂ ਮਿਲ ਸਕਦੀਆਂ ਹਨ, ਕਾਂਗਰਸ ਨੂੰ 34 ਤੋਂ 51 ਸੀਟਾਂ ਮਿਲ ਸਕਦੀਆਂ ਹਨ। ‘ਆਪ’ ਨੂੰ 6-13 ਸੀਟਾਂ ਮਿਲਣ ਦੀ ਉਮੀਦ ਹੈ।
‘ਰਿਪਬਲਿਕ ਟੀਵੀ-ਪੀਮਾਰਕ‘ ਐਗਜ਼ਿਟ ਪੋਲ: ਗੁਜਰਾਤ ‘ਚ ਭਾਜਪਾ ਨੂੰ 128 ਤੋਂ 148 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 30 ਤੋਂ 42 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਨੂੰ 2-10 ਸੀਟਾਂ ਮਿਲ ਸਕਦੀਆਂ ਹਨ। TV9 ਗੁਜਰਾਤੀ ਨੇ ਭਾਜਪਾ ਨੂੰ 125-130 ਸੀਟਾਂ, ਕਾਂਗਰਸ-ਐਨਸੀਪੀ ਨੂੰ 40-50 ਸੀਟਾਂ ਅਤੇ ‘ਆਪ’ ਨੂੰ 3-5 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ।
ਹਿਮਾਚਲ ਵਿੱਚ ਬੀਜੇਪੀ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ‘ਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਟੱਕਰ ਹੋਣ ਦਾ ਅੰਦਾਜ਼ਾ ਜਤਾਇਆ ਗਿਆ ਹੈ। ਹਾਲਾਂਕਿ, ਕਈ ਸਰਵੇਖਣਾਂ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਨੂੰ ਬੜ੍ਹਤ ਮਿਲ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਲਈ 12 ਨਵੰਬਰ ਨੂੰ ਵੋਟਿੰਗ ਹੋਈ ਸੀ। ਤਾਂ ਆਓ ਜਾਣਦੇ ਹਾਂ ਕਿਹੜੀ ਏਜੰਸੀ ਨੇ ਕੀ ਭਵਿੱਖਬਾਣੀ ਕੀਤੀ ਹੈ।
‘ਇੰਡੀਆ ਟੂਡੇ – ਐਕਸਿਸ ਮਾਈ ਇੰਡੀਆ‘ ਐਗਜ਼ਿਟ ਪੋਲ: ਕਾਂਗਰਸ ਦੀ ਸਰਕਾਰ ਬਣਨ ਦੀ ਉਮੀਦ ਹੈ। ਇਸ ਹਿਸਾਬ ਨਾਲ ਕਾਂਗਰਸ 44 ਫੀਸਦੀ ਵੋਟਾਂ ਨਾਲ 30 ਤੋਂ 40 ਸੀਟਾਂ ਹਾਸਲ ਕਰ ਸਕਦੀ ਹੈ, ਜਦਕਿ ਸੱਤਾਧਾਰੀ ਭਾਜਪਾ 42 ਫੀਸਦੀ ਵੋਟਾਂ ਨਾਲ 24 ਤੋਂ 34 ਸੀਟਾਂ ਹਾਸਲ ਕਰ ਸਕਦੀ ਹੈ।
‘ਨਿਊਜ਼ 24-ਟੂਡੇਜ਼ ਚਾਣਕਿਆ‘ ਐਗਜ਼ਿਟ ਪੋਲ: ਹਿਮਾਚਲ ਪ੍ਰਦੇਸ਼ ‘ਚ ਭਾਜਪਾ ਅਤੇ ਕਾਂਗਰਸ ਨੂੰ 33-33 ਸੀਟਾਂ ਮਿਲ ਸਕਦੀਆਂ ਹਨ।
‘ਇੰਡੀਆ ਟੀਵੀ-ਮੈਟ੍ਰਿਕਸ‘ ਐਗਜ਼ਿਟ ਪੋਲ: ਹਿਮਾਚਲ ਪ੍ਰਦੇਸ਼ ‘ਚ ਭਾਜਪਾ ਨੂੰ 35 ਤੋਂ 40 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 26 ਤੋਂ 31 ਸੀਟਾਂ ਮਿਲਣ ‘ਤੇ ਇਕ ਵਾਰ ਫਿਰ ਵਿਰੋਧੀ ਧਿਰ ‘ਚ ਰਹਿਣਾ ਪੈ ਸਕਦਾ ਹੈ।
‘ਨਿਊਜ਼ ਐਕਸ-ਜਨ ਕੀ ਬਾਤ‘ ਐਗਜ਼ਿਟ ਪੋਲ: ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਵਿੱਚ ਬੜ੍ਹਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਭਾਜਪਾ ਨੂੰ 32 ਤੋਂ 40 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 27 ਤੋਂ 34 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
‘ਰਿਪਬਲਿਕ ਟੀਵੀ-ਪੀਮਾਰਕ‘ ਐਗਜ਼ਿਟ ਪੋਲ: ਹਿਮਾਚਲ ਪ੍ਰਦੇਸ਼ ‘ਚ ਭਾਜਪਾ ਨੂੰ 34 ਤੋਂ 39 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 28 ਤੋਂ 33 ਸੀਟਾਂ ਮਿਲ ਸਕਦੀਆਂ ਹਨ।
‘ਜ਼ੀ ਨਿਊਜ਼-ਬੀਏਆਰਸੀ‘ ਐਗਜ਼ਿਟ ਪੋਲ: ਭਾਜਪਾ ਹਿਮਾਚਲ ਪ੍ਰਦੇਸ਼ ਵਿੱਚ 35-40 ਸੀਟਾਂ ਜਿੱਤ ਸਕਦੀ ਹੈ ਜਦਕਿ ਕਾਂਗਰਸ ਨੂੰ 20-25 ਸੀਟਾਂ ਮਿਲਣ ਦੀ ਉਮੀਦ ਹੈ।
ਦਿੱਲੀ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦਾ ਜਲਵਾ
ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਦਿੱਲੀ ਨਗਰ ਨਿਗਮ ਚੋਣਾਂ ਲਈ ‘ਆਪ’ ਦੀ ਸ਼ਾਨਦਾਰ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹਿਣ ਦੀ ਸੰਭਾਵਨਾ ਹੈ। MCD ਚੋਣਾਂ ਦੇ ਨਤੀਜੇ 7 ਦਸੰਬਰ ਨੂੰ ਐਲਾਨੇ ਜਾਣਗੇ। MCD ਦੇ ਕੁੱਲ 250 ਵਾਰਡਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ ‘ਚ 1.45 ਕਰੋੜ ਵੋਟਰਾਂ ‘ਚੋਂ 50 ਫੀਸਦੀ ਤੋਂ ਵੱਧ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਤਾਂ ਆਓ ਜਾਣਦੇ ਹਾਂ MCD ਚੋਣਾਂ ‘ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ।
‘ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ‘ ਐਗਜ਼ਿਟ ਪੋਲ: ਦਿੱਲੀ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਨੂੰ 149-171 ਸੀਟਾਂ ਮਿਲਣ ਜਾ ਰਹੀਆਂ ਹਨ, ਜਦਕਿ ਭਾਜਪਾ 69-91 ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਸਰਵੇਖਣ ਵਿੱਚ ਕਾਂਗਰਸ ਨੂੰ ਤਿੰਨ ਤੋਂ ਸੱਤ ਅਤੇ ਹੋਰਨਾਂ ਨੂੰ ਪੰਜ ਤੋਂ ਨੌਂ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
‘ਟਾਈਮਜ਼ ਨਾਓ-ਈਟੀਜੀ‘ ਐਗਜ਼ਿਟ ਪੋਲ: ‘ਆਪ’ ਨੂੰ 146-156 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਭਾਜਪਾ ਨੂੰ 84-94, ਕਾਂਗਰਸ ਨੂੰ 6-10 ਅਤੇ ਹੋਰਾਂ ਨੂੰ ਚਾਰ ਸੀਟਾਂ ਮਿਲ ਸਕਦੀਆਂ ਹਨ।
‘ਦਿ ਨਿਊਜ਼ ਐਕਸ‘ ਦੇ ਐਗਜ਼ਿਟ ਪੋਲ: ਆਮ ਆਦਮੀ ਪਾਰਟੀ ਨੂੰ 150-175 ਵਾਰਡ ਅਤੇ ਭਾਜਪਾ ਨੂੰ 70-92 ਜਦਕਿ ਕਾਂਗਰਸ ਨੂੰ ਚਾਰ ਤੋਂ ਸੱਤ ਵਾਰਡ ਦਿੱਤੇ ਗਏ ਹਨ।
ਜਨ ਕੀ ਬਾਤ ਐਗਜ਼ਿਟ ਪੋਲ: ਭਾਜਪਾ ਨੂੰ 70 ਤੋਂ 92 ਸੀਟਾਂ, ਕਾਂਗਰਸ ਨੂੰ 4 ਤੋਂ 7, ਆਮ ਆਦਮੀ ਪਾਰਟੀ ਨੂੰ 159 ਤੋਂ 175 ਸੀਟਾਂ ਮਿਲ ਸਕਦੀਆਂ ਹਨ।