ਮੁਹਾਲੀ ‘ਚ ਕੁਝ ਅਣਪਛਾਤਿਆਂ ਨੇ ਇੱਕ ਨੌਜਵਾਨ ਦਾ ਕਤਲ ਰਕੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਜਾਣਕਾਰੀ ਮੁਤਾਬਕ ਮੁਹਾਲੀ ਦੇ ਇੱਕ ਪਿੰਡ ਕੰਡਾਲਾ ਦੀ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਅਤੇ ਸਿਆਸੀ ਆਗੂ ਸੁਰਿੰਦਰ ਸਿੰਘ ਦੇ ਪੁੱਤਰ ਸਤਵੀਰ ਸਿੰਘ ਦਾ ਅਣਪਛਾਤਿਆਂ ਨੇ ਕਤਲ ਕਰ ਕੇ ਲਾਸ਼ ਕਾਰ ਸਮੇਤ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ।
ਉਹ ਬੀਤੀ 12 ਸਤੰਬਰ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੁੱਛ-ਪੜਤਾਲ ਲਈ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਐੱਸਐੱਮਓ ਡਾ. ਐੱਚਐੱਸ ਚੀਮਾ ਨੇ ਦੱਸਿਆ ਕਿ ਮੈਡੀਕਲ ਅਫ਼ਸਰ ਪਰਮਿੰਦਰ ਸਿੰਘ ਸੰਧੂ ਅਤੇ ਏਮਸ ਦੇ ਫੋਰੈਂਸਿਕ ਮਾਹਿਰ ਸੀਨੀਅਰ ਰੈਜ਼ੀਡੈਂਟ ਡਾ. ਨੇਹਾ ਸ਼ਰਮਾ ’ਤੇ ਆਧਾਰਿਤ ਮੈਡੀਕਲ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਭਲਕੇ ਸੋਮਵਾਰ ਨੂੰ ਪੂਰੀ ਰਿਪੋਰਟ ਤਿਆਰ ਕਰ ਕੇ ਪੁਲੀਸ ਨੂੰ ਦਿੱਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਅਤੇ ਬਾਅਦ ਦੁਪਹਿਰ ਪਿੰਡ ਕੰਡਾਲਾ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।
ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਇਹ ਤੀਜਾ ਕਤਲ ਹੈ। ਇਹ ਤਿੰਨੇ ਕਤਲ ਟੈਕਸੀ ਚਾਲਕਾਂ ਦੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਨਹਿਰ ’ਚੋਂ ਕਾਰ ਬਾਹਰ ਕੱਢੀ ਗਈ ਤਾਂ ਸਤਵੀਰ ਸਿੰਘ ਪਿਛਲੀ ਸੀਟ ’ਤੇ ਸੀ ਅਤੇ ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ। ਸਰੀਰ ’ਤੇ ਚਾਕੂ ਨਾਲ ਹਮਲਾ ਕੀਤੇ ਹੋਣ ਦੇ ਨਿਸ਼ਾਨ ਸਨ। ਇਸ ਦੌਰਾਨ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।