ਭਾਰਤ ਸਰਕਾਰ ਉਨ੍ਹਾਂ ਸਾਰੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਰਹੀ ਹੈ, ਜਿਨ੍ਹਾਂ ਨੇ ਖ਼ਾਲਿਸਤਾਨੀ ਹਮਾਇਤੀਆਂ ਨਾਲ ਨਜਿੱਠਣ ਲਈ ਕੰਮ ਕੀਤਾ ਹੈ। ਕੇਂਦਰੀ ਖ਼ੁਫ਼ੀਆ ਏਜੰਸੀ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਕੁਝ ਅਧਿਕਾਰੀਆਂ ਨੂੰ ਖ਼ਾਲਿਸਤਾਨੀ ਹਮਾਇਤੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ ਵਿੱਚ ਦੋ ਮੁੱਖ ਅਧਿਕਾਰੀਆਂ ਨੂੰ Z ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਾਬਕਾ ਰਾਅ ਮੁਖੀ ਸਾਮੰਤ ਗੋਇਲ (Former R&AW chief Samant Goel) ਅਤੇ ਸਾਬਕਾ NIA ਮੁਖੀ ਦਿਨਕਰ ਗੁਪਤਾ (Former NIA chief Dinkar Gupta) ਸ਼ਾਮਲ ਹਨ।
ਦੱਸ ਦੇਈਏ ਇਹ ਦੋਵੇ ਅਫ਼ਸਰ ਪੰਜਾਬ ਕਾਡਰ ਦੇ ਹਨ, ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਰਹੇ ਹਨ ਅਤੇ ਸਮੰਤ ਗੋਇਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੋਸਟ ’ਤੇ ਰਹੇ ਸਨ। ਸੀਆਰਪੀਐਫ (CRPF) ਹੁਣ ਇਨ੍ਹਾਂ ਦੋਵਾਂ ਸਾਬਕਾ ਉੱਚ ਅਧਿਕਾਰੀਆਂ ਨੂੰ ਸੁਰੱਖਿਆ ਕਵਰ ਪ੍ਰਦਾਨ ਕਰ ਰਿਹਾ ਹੈ ਜੋ ਕੁਝ ਹਫ਼ਤੇ ਪਹਿਲਾਂ ਸੇਵਾਮੁਕਤ ਹੋਏ ਸਨ।
ਦਰਅਸਲ ਵੱਖ-ਵੱਖ ਰਿਪੋਰਟਾਂ ਨੂੰ ਵੇਖਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਦੋਵਾਂ ਉੱਚ ਅਧਿਕਾਰੀਆਂ ਦੀ ਸੁਰੱਖਿਆ ਵਧਾਈ ਹੈ। ਇਨ੍ਹਾਂ ਰਿਪੋਰਟਾਂ ਵਿੱਚ ਅਧਿਕਾਰੀਆਂ ਬਾਰੇ ਖ਼ਤਰੇ ਦੀ ਗੁੰਜਾਇਸ਼ ਦਰਸਾਈ ਗਈ ਹੈ। ਮੁੱਖ ਤੌਰ ’ਤੇ ਖ਼ਾਲਿਸਤਾਨ ਪੱਖੀ ਇਕਾਈਆਂ ਤੋਂ ਖ਼ਤਰਾ ਜਤਾਇਆ ਗਿਆ ਹੈ।
ਯਾਦ ਰਹੇ ਇਹ ਦੋਵਾਂ ਅਫ਼ਸਰਾਂ ਨੇ ਪੀ.ਕੇ.ਈਜ਼ ਦੇ ਗਠਜੋੜ ਨੂੰ ਖਤਮ ਕਰਨ ਲਈ ਕੰਮ ਕੀਤਾ ਹੈ ਤੇ ਅਤਿ ਸੰਵੇਦਨਸ਼ੀਲ ਅਹੁਦਿਆਂ ‘ਤੇ ਅਗਵਾਈ ਕੀਤੀ ਹੈ। ਜਦ NIA ਕੇਂਦਰੀ ਏਜੰਸੀ ਦੁਆਰਾ ਖ਼ਾਲਿਸਤਾਨੀ ਹਮਾਇਤੀਆਂ ਖਿਲਾਫ਼ ਦਾਇਰ ਕੀਤੇ ਗਏ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਸਾਬਕਾ R&AW ਮੁਖੀ ਦਾ ਨਾਮ ਪਹਿਲਾਂ ਹੀ ਕੌਮਾਂਤਰੀ ਮੀਡੀਆ ਵੱਲੋਂ ਸਿੱਖਸ ਫਾਰ ਜਸਟਿਸ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਕੋਸ਼ਿਸ਼ ਲਈ ਖਿੱਚਿਆ ਜਾ ਚੁੱਕਾ ਹੈ।
ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਵਿਚ ਅਜਿਹੇ ਅਧਿਕਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਖ਼ਾਲਿਸਤਾਨੀ ਗਰੁੱਪਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੇ ਸੁਰੱਖਿਆ ਕਵਰ ਦੀ ਜਲਦੀ ਹੀ ਸਮੀਖਿਆ ਕੀਤੀ ਜਾਵੇਗੀ ਤੇ ਇਸ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਮੁੱਦੇ ’ਤੇ ਵਿਚਾਰ ਕਰਨ ਲਈ ਮਈ ਦੇ ਪਹਿਲੇ ਹਫ਼ਤੇ ਮੀਟਿੰਗ ਹੋਣੀ ਸੀ ਪਰ ਇਹ ਮੁਲਤਵੀ ਹੋ ਗਈ ਹੈ।
ਇਹ ਵੀ ਪੜ੍ਹੋ –