India Punjab

CBI ਅਦਾਲਤ ’ਚ ਪੇਸ਼ ਹੋਣਗੇ DIG ਭੁੱਲਰ, ਨਿਆਂਇਕ ਹਿਰਾਸਤ ਅੱਜ ਖ਼ਤਮ

ਬਿਊਰੋ ਰਿਪੋਰਟ (ਚੰਡੀਗੜ੍ਹ, 31 ਅਕਤੂਬਰ 2025): ਰਿਸ਼ਵਤ ਮਾਮਲੇ ਵਿੱਚ ਫੜੇ ਗਏ ਪੰਜਾਬ ਦੇ ਸਾਬਕਾ ਡੀ.ਆਈ.ਜੀ. (DIG) ਹਰਚਰਨ ਸਿੰਘ ਭੁੱਲਰ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਉਨ੍ਹਾਂ ਨੂੰ ਅੱਜ ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਅਤੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਅੱਜ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ। ਇਸ ਕੇਸ ਦੇ ਵਿਚੋਲੇ ਕ੍ਰਿਸ਼ਨੂ ਨੂੰ ਸੀ.ਬੀ.ਆਈ. ਪਹਿਲਾਂ ਹੀ ਰਿਮਾਂਡ ’ਤੇ ਲੈ ਚੁੱਕੀ ਹੈ। ਕ੍ਰਿਸ਼ਨੂ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਸਾਬਕਾ ਡੀ.ਆਈ.ਜੀ. ਭੁੱਲਰ ਤੋਂ ਵੀ ਸਵਾਲ-ਜਵਾਬ ਕੀਤੇ ਜਾਣਗੇ।

ਜਾਂਚ ਦਾ ਘੇਰਾ ਵਧਿਆ

ਸੀ.ਬੀ.ਆਈ. ਦੀ ਜਾਂਚ ਦਾ ਦਾਇਰਾ ਹੁਣ ਸਿਰਫ਼ ਰਿਸ਼ਵਤ ਤੱਕ ਸੀਮਤ ਨਹੀਂ ਰਿਹਾ, ਸਗੋਂ ਸਾਬਕਾ ਡੀ.ਆਈ.ਜੀ. ਵੱਲੋਂ ਸਾਲ 2017 ਤੋਂ ਹੁਣ ਤੱਕ ਬਣਾਈ ਗਈ ਜਾਇਦਾਦ ਦੀ ਜਾਂਚ ਤੱਕ ਵਧ ਗਿਆ ਹੈ।

ਸੀ.ਬੀ.ਆਈ. ਦੀ ਜਾਂਚ ਅਨੁਸਾਰ, ਵਿੱਤੀ ਸਾਲ 2024-25 ਲਈ ਭੁੱਲਰ ਵੱਲੋਂ ਦਾਖ਼ਲ ਕੀਤੀ ਗਈ ਆਮਦਨ ਕਰ ਰਿਟਰਨ (ITR) ਅਨੁਸਾਰ, ਉਨ੍ਹਾਂ ਦੀ ਸਾਰੇ ਜਾਣੇ-ਪਛਾਣੇ ਸਰੋਤਾਂ ਤੋਂ ਸਾਲਾਨਾ ਆਮਦਨ 45.95 ਲੱਖ ਰੁਪਏ ਹੈ। ਹਾਲਾਂਕਿ, ਜ਼ਬਤ ਕੀਤੀਆਂ ਗਈਆਂ ਅਤੇ ਪਰਿਵਾਰ ਨਾਲ ਜੁੜੀਆਂ ਜਾਇਦਾਦਾਂ ਦੀ ਕੀਮਤ ਕਈ ਕਰੋੜਾਂ ਰੁਪਏ ਦੱਸੀ ਗਈ ਹੈ।

ਸੀ.ਬੀ.ਆਈ. ਦਾ ਕਹਿਣਾ ਹੈ ਕਿ ਭੁੱਲਰ ਆਪਣੇ ਅਹੁਦੇ ’ਤੇ ਰਹਿੰਦਿਆਂ ਨਾਜਾਇਜ਼ ਢੰਗ ਨਾਲ ਅਮੀਰ ਹੋਏ ਹਨ ਅਤੇ ਉਹ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ।