Punjab

ਫਿਰ ਫਸੀ ਆਪ ਦੀ ਵਿਧਾਇਕ ਭ੍ਰਿਸ਼ਟਾਚਾਰ ਦੇ ਇਲਜ਼ਾਮ ‘ਚ !

ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹਨ। ਪੰਜਾਬ ਦੇ ਲੋਕਪਾਲ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ 16 ਫਰਵਰੀ ਤੱਕ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਵਿਧਾਇਕ ਅਮਨਦੀਪ ਕੌਰ ਅਤੇ 5 ਹੋਰ ਲੋਕਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਲਿਖਿਅਤ ਸ਼ਿਕਾਇਤ ਹਰਸ਼ ਅਰੇਨ ਦੇ ਵੱਲੋਂ ਲੋਕਪਾਲ ਨੂੰ ਸੌਂਪੀ ਗਈ ਸੀ। ਉਹ ਵਿਧਾਇਕ ਦਾ ਨਿੱਜੀ ਸਕੱਤਰ ਰਹਿ ਚੁੱਕਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਸੀ।

ਵਿਧਾਇਕ ਅਮਨਦੀਪ ਕੌਰ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਸਾਬਕਾ ਪੀਏ ਹਰਸ਼ ਅਰੇਨ ਦੀ ਰਜਿਸਟ੍ਰੀ ਦਾ ਕੰਮ ਰੁਕਵਾਇਆ ਸੀ। ਹਰਸ਼ ਅਰੇਨ ਨੇ ਪ੍ਰੈਸ ਕਾਂਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਤਾਂ ਵਿਧਾਇਕ ਭੜਕ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਵੇਖਦੀ ਹਾਂ ਕੀ ਤੂੰ ਕਿਵੇਂ ਮੋਗਾ ਵਿੱਚ ਰਹਿੰਦਾ ਹੈ । ਜਿਸ ਤੋਂ ਬਾਅਦ ਹੁਣ ਹਰਸ਼ ਨੇ ਇਸ ਦੀ ਸ਼ਿਕਾਇਤ ਪੰਜਾਬ ਲੋਕਪਾਲ ਦੇ ਮੁਖੀ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਿਅਤ ਵਿੱਚ ਦਿੱਤੀ ਹੈ।

ਜਾਇਦਾਦ ਹੜਪਨ ਦਾ ਇਲਜ਼ਾਮ

ਵਿਧਾਇਕ ਦੇ ਨਾਲ ਉਨ੍ਹਾਂ ਦੇ 5 ਹੋਰ ਸਾਥੀਆਂ ਨੂੰ ਵੀ ਲੋਕਪਾਲ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਹਰਸ਼ ਨੇ ਸ਼ਿਕਾਇਤ ਵਿੱਚ ਮੋਗਾ ਦੇ ਸ਼ਹੀਦ ਭਗਤ ਸਿੰਘ ਮਾਰਕਿਟ ਵਿੱਚ ਬਣੇ ਫ੍ਰੀਡਮ ਫਾਇਟਰ ਅਤੇ ਪੰਜਾਬ ਸਰਕਾਰ ਦੀ ਜਾਇਦਾਦ ਹੜਪਨ ਦਾ ਇਲਜ਼ਾਮ ਲਗਾਇਆ ਹੈ । ਇਸ ਬਾਰੇ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਵੀ ਪੱਖ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਲੋਕਪਾਲ ਦੇ ਵੱਲੋਂ ਹੁਣ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ ਪਰ ਜਦੋਂ ਨੋਟਿਸ ਆਵੇਗਾ ਤਾਂ ਉਹ ਪੇਸ਼ ਹੋਕੇ ਆਪਣਾ ਪੱਖ ਰੱਖਣਗੇ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਆਪ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ‘ਤੇ ਪਿਛਲੇ ਸਾਲ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਉਨ੍ਹਾਂ ‘ਤੇ ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਇਲਜ਼ਾਮ ਲਗਾਇਆ ਸੀ ਕਿ ਸਿਵਲ ਹਸਪਤਾਲ ਲਈ ਖਰੀਦੇ ਏਅਰ ਕੰਡੀਸ਼ਨਰ ਵਿਧਾਇਕ ਦੇ ਘਰ ਲੱਗੇ ਹਨ । ਲੂੰਬਾ ਨੇ ਇਲਜ਼ਾਮਾਂ ਨੂੰ ਸਾਬਿਤ ਕਰਨ ਦੇ ਲਈ 6 ਬਿੱਲ ਵੀ ਪੇਸ਼ ਕੀਤੇ ਸਨ,ਇਹ ਬਿੱਲ SMO ਮੋਗਾ ਦੇ ਨਾਂ ‘ਤੇ ਬਣੇ ਸਨ। ਇਲਜ਼ਾਮ ਸਨ ਕਿ ਸ਼ੋਰੂਮ ਤੋਂ ਸਾਰਾ ਸਮਾਨ ਸਿਵਲ ਹਸਪਤਾਲ ਪਹੁੰਚਿਆ ਸੀ ਪਰ ਉਹ ਵਰਤੋਂ ਵਿੱਚ ਨਹੀਂ ਲਿਆਇਆ ਗਿਆ ਸੀ।