ਬਿਊਰੋ ਰਿਪੋਰਟ : ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਸਿਰ ਤੋਂ ਵੋਟਾਂ ਬਣਾਉਣ ਦੇ ਨਿਰਦੇਸ਼ ਤੋਂ ਬਾਅਦ 12 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁੜ ਹੋਣ ਦੀ ਆਸ ਜਗੀ ਹੈ । ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਆਸੀ ਹਾਲਤ ਵੇਖ ਦੇ ਹੋਏ ਇਸ ਵਾਰ ਸੁਖਬੀਰ ਸਿੰਘ ਬਾਦਲ ਨੂੰ ਵਿਧਾਨਸਭਾ ਵਾਂਗ SGPC ਚੋਣਾਂ ਵਿੱਚ ਵੀ ਵਿਰੋਧੀ ਪੰਥਕ ਧਿਰਾਂ ਵੱਲੋਂ ਕਰੜੀ ਚੁਣੌਤੀ ਮਿਲ ਸਕਦੀ ਹੈ । ਪੰਥਕ ਅਕਾਲੀ ਲਹਿਰ ਦੇ ਮੁੱਖੀ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਭਾਈ ਰਣਜੀਤ ਸਿੰਘ ਨੇ ਚੋਣਾਂ ਨੂੰ ਲੈਕੇ ਖਾਸ ਰਣਨੀਤੀ ਬਣਾਈ ਹੈ । ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਪੱਧਰ ‘ਤੇ ਬੂਥ ਕਮੇਟੀਆਂ ਬਣਾਉਣ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਹੁਣੇ ਤੋਂ ਕਮਰਕੱਸੇ ਕਰ ਲੈਣ। ਸਾਬਕਾ ਜਥੇਦਾਰ ਨੇ ਨੌਜਵਾਨਾਂ ਨੂੰ ਬੂਥ ਪੱਥਰ ‘ਤੇ ਜੋੜਨ ਦੇ ਲਈ 7087081122 WHATSAPP ਨੰਬਰ ਵੀ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਬੂਥ ਪੱਧਰ ‘ਤੇ ਕਮੇਟੀ ਬਣਾਕੇ ਉਸ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ ।
‘ਜਾਅਲੀ ਵੋਟ ਵੱਡੀ ਚੁਣੌਤੀ ਇਸ ਨੂੰ ਰੋਕਣਾ ਜ਼ਰੂਰੀ’
ਪਿੰਡਾਂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਜਾਗਰੂਕ ਕਰ ਰਹੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ SGPC ਸਿੱਖਾਂ ਦੀ ਸਿਰਮੋਰ ਧਾਰਮਿਕ ਸੰਸਥਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ ਪਾਰਟੀ ਹੈ ਪਰ ਇਹ ਦੋਵੇ ਸੰਸਥਾਵਾਂ ਨੂੰ ਬਾਦਲ ਪਰਿਵਾਰ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ,ਇਸ ਨੂੰ ਆਜ਼ਾਦ ਕਰਵਾਉਣ ਦੇ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਹੁਣੇ ਤੋਂ ਸਿੱਖਾਂ ਨੂੰ ਸਿਰ ਜੋੜਨੇ ਹੋਣਗੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਿਆਰ ਕਰਨਾ ਹੋਵੇਗਾ। ਭਾਈ ਰਣਜੀਤ ਸਿੰਘ ਨੇ ਖਦਸ਼ਾ ਜਤਾਇਆ ਕਿ ਚੋਣ ਜਿੱਤਣ ਦੇ ਲਈ ਬਾਦਲ ਪਰਿਵਾਰ ਫਰਜ਼ੀ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂਕੀ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਭੁਗਤਨ,ਪਰ ਨੌਜਵਾਨਾਂ ਨੂੰ ਇਸ ‘ਤੇ ਕਰੜੀ ਨਜ਼ਰ ਰੱਖਣੀ ਹੋਵੇਗੀ, ਵੋਟਾਂ ਬਣਨ ਦਾ ਕੰਮ ਸ਼ੁਰੂ ਹੁੰਦੇ ਹੀ ਬੂਥ ਪੱਧਰ ‘ਤੇ ਕਮੇਟੀਆਂ ਨੂੰ ਮੋਰਚਾ ਸੰਭਾਲਣਾ ਹੋਵੇਗਾ ਅਤੇ ਇੱਕ-ਇੱਕ ਵੋਟ ਗੁਰਸਿੱਖ ਦਾ ਬਣੇ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤਾਲਮੇਲ ਬਣਾਉਣ ਦੇ ਲਈ ਹਰ ਇੱਕ ਵੋਟਰ ਦੀ ਲਿਸਟ ਉਨ੍ਹਾਂ ਵੱਲੋਂ ਦਿੱਤੇ ਗਏ WHATSAPP ਨੰਬਰ ‘ਤੇ ਸ਼ੇਅਰ ਕੀਤੀ ਜਾਵੇ।
‘ਬਾਦਲ ਪਰਿਵਾਰ ਤੋਂ ਸੰਸਥਾਵਾਂ ਦੀ ਆਜ਼ਾਦੀ ਜ਼ਰੂਰੀ’
ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਨੇ ਕਿਹਾ ਬਾਦਲ ਪਰਿਵਾਰ 1978 ਤੋਂ ਖਾਲਸਾ ਪੰਥ ਨਾਲ ਗਦਾਰੀ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਆਪਣੀ ਜਗੀਰ ਬਣਾ ਕੇ ਰੱਖਿਆ ਹੈ,ਇਸ ਨੂੰ ਆਜ਼ਾਦ ਕਰਵਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਉਸਾਰੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਬਾਦਲ ਪਰਿਵਾਰ ਨੇ ਪੂਰੀ ਤਰ੍ਹਾਂ ਨਾ ਰੋਲ ਕੇ ਰੱਖ ਦਿੱਤਾ ਹੈ । ਜਥੇਦਾਰਾਂ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਹੈ ਉਨ੍ਹਾਂ ਦਾ ਸਤਿਕਾਰ ਖਤਮ ਹੋ ਗਿਆ । ਭਾਈ ਰਣਜੀਤ ਨੇ ਕਿਹਾ ਕਿ ਇਹ ਇਸ ਲਈ ਹੋਇਆ ਕਿਉਂ ਜਥੇਦਾਰਾਂ ਦੀ ਨਿਯੁਕਤੀ ਪੰਥਕ ਰਹੁ-ਰੀਤਾਂ ਮੁਤਾਬਿਕ ਨਹੀਂ ਹੁੰਦੀ ਹੈ ਬਲਕਿ ਸੁਖਬੀਰ ਸਿੰਘ ਬਾਦਲ ਦੇ ਘਰ ਚੱਕੀ ਭਰਨ ਵਾਲਿਆਂ ਦੀ ਹੁੰਦੀ ਹੈ । ਉਨ੍ਹਾਂ ਕਿਹਾ ਸੰਗਤ ਬੜੀ ਸ਼ਰਧਾ ਦੇ ਨਾਲ ਗੋਲਕ ਵਿੱਚ ਪੈਸੇ ਭੇਟ ਕਰਦੀ ਹੈ ਪਰ ਬਾਦਲ ਪਰਿਵਾਰ ਨੇ ਸੌਧਾ ਸਾਧ ਨੂੰ ਬਿਨਾਂ ਮੰਗੇ ਮੁਆਫੀ ਦੇਣ ਅਤੇ ਉਸ ਨੂੰ ਸਹੀ ਠਹਿਰਾਉਣ ਦੇ ਲਈ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ । ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ SGPC ਦੀ ਕਰੋੜਾਂ ਦਾ ਜਾਇਦਾਦ ਨੂੰ ਬਾਦਲ ਪਰਿਵਾਰ ਨੇ ਖੁਰਦ-ਬੁਰਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਕਾਲੀ ਬਾਗ਼ ਨੂੰ ਉਜਾੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਤਾਂ ਹੀ ਸਾਰਥਕ ਹੋ ਸਕਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਅਸੀਂ ਆਪਣਾ ਫਰਜ਼ ਪਛਾੜੀਏ ਅਤੇ ਬਾਦਲ ਪਰਿਵਾਰ ਤੋਂ ਸ੍ਰੋਮਣੀ ਅਕਾਲੀ ਦਲ ਅਤੇ SGPC ਨੂੰ ਮੁਕਤ ਕਰਵਾਇਆ ਜਾਵੇ।