International

ਪਾਕਿਸਤਾਨ ‘ਚ ਸਾਬਕਾ ਗ੍ਰਹਿ ਮੰਤਰੀ ਦਾ ਬਿਜਲੀ-ਗੈਸ ਦਾ ਬਿੱਲ 2.5 ਲੱਖ ਤੋਂ ਪਾਰ, ਕਿਹਾ ‘ਲੁਟੇਰੇ ਵਾਪਸ ਆ ਗਏ ਦੇਸ਼ ‘ਚ’

ਪਾਕਿਸਤਾਨ : ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦਾ ਬਿਜਲੀ ਅਤੇ ਗੈਸ ਦਾ ਬਿੱਲ 2.5 ਲੱਖ ਰੁਪਏ ਤੋਂ ਜ਼ਿਆਦਾ ਆ ਗਿਆ ਹੈ। ਪਾਕਿਸਤਾਨੀ ਮੀਡੀਆ ਹਾਊਸ ‘ਦ ਨੇਸ਼ਨ’ ਮੁਤਾਬਕ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਉਹ ਬਾਹਰ ਨਾਸ਼ਤਾ ਕਰਦਾ ਹੈ ਅਤੇ ਗੈਸ ‘ਤੇ ਖਾਣਾ ਪਕਾਉਂਦਾ ਹੈ। ਇਸ ਤੋਂ ਇਲਾਵਾ ਉਹ ਏਸੀ ਦੀ ਵਰਤੋਂ ਨਹੀਂ ਕਰਦੇ ਫਿਰ ਵੀ ਬਿੱਲ ਇੰਨਾ ਜ਼ਿਆਦਾ ਸੀ।

ਉਨ੍ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲੁਟੇਰਾ ਅਤੇ ਡਾਕੂ ਕਰਾਰ ਦਿੰਦਿਆਂ ਕਿਹਾ ਕਿ ਉਹ ਦੇਸ਼ ਦੀ ਭਲਾਈ ਲਈ ਨਹੀਂ ਸਗੋਂ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਵਾਪਸ ਆਏ ਹਨ। ਅਹਿਮਦ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਨੂੰ ਜਿਊਂਦਾ ਹੀ ਦੱਬ ਦਿੱਤਾ ਹੈ। ਲੋਕਾਂ ਕੋਲ ਕਬਰ ਲਈ ਵੀ ਪੈਸੇ ਨਹੀਂ ਹਨ। ਕਬਰਸਤਾਨ ਵਿੱਚ ਲੋਕਾਂ ਨੇ ਪੋਸਟਰ ਲਗਾ ਕੇ ਕਬਰ ਦੇ ਲਈ ਪੈਸੇ ਦੇਣ ਦੀ ਮੰਗ ਕੀਤੀ ਹੈ।

ਅੱਜ ਪਾਕਿਸਤਾਨ ਵਿੱਚ ਕੋਈ ਮਾਂ ਨਹੀਂ ਚਾਹੁੰਦੀ ਕਿ ਉਸਦਾ ਪੁੱਤਰ ਭੁੱਖਾ ਸਕੂਲ ਜਾਵੇ। ਸਾਡਾ ਦੇਸ਼ ਡੁੱਬ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਸਰਕਾਰ ਹੈ ਜੋ ਲੋਕਾਂ ਨੂੰ ਮਰਨ ਲਈ ਛੱਡ ਰਹੀ ਹੈ। ਸ਼ਾਹਬਾਜ਼ ਸਰਕਾਰ ਆਪਣਾ ਕੰਟਰੋਲ ਗੁਆ ਚੁੱਕੀ ਹੈ।

ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸ਼ਾਹਬਾਜ਼ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਮਾਂ ਕਿਸੇ ਦੇ ਵੀ ਪਾਸੇ ਨਹੀਂ ਹੈ। ਦੇਸ਼ ਵਿਚ ਮਹਿੰਗਾਈ ਦੇ ਖਿਲਾਫ ਕ੍ਰਾਂਤੀ ਸ਼ੁਰੂ ਹੋ ਗਈ ਹੈ। ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਸਾਡੀ ਆਰਥਿਕਤਾ ਲਗਾਤਾਰ ਵਿਗੜ ਰਹੀ ਹੈ।

ਅਹਿਮਦ ਨੇ ਕਿਹਾ ਕਿ ‘ਹੁਣ ਮਹਿੰਗਾਈ ਵਿਰੁੱਧ ਲੜਾਈ ਜਿਉਂਦੇ ਰਹਿਣ ਦੀ ਲੜਾਈ ਬਣ ਗਈ ਹੈ। ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਆਪਣੀਆਂ ਅੱਖਾਂ ਖੋਲ੍ਹੇ ਅਤੇ ਗਰੀਬਾਂ ਨੂੰ ਮਰਨ ਤੋਂ ਬਚਾਵੇ।

ਪਾਕਿਸਤਾਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਉੱਥੇ ਹੀ 1 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 70 ਪਾਕਿਸਤਾਨੀ ਰੁਪਏ ਹੈ। ਜਦੋਂ ਕਿ ਭਾਰਤ ਵਿੱਚ ਇਹ 56 ਰੁਪਏ ਹੈ। ਉੱਥੇ 1 ਕਿਲੋ ਆਟੇ ਦੀ ਕੀਮਤ 75 ਰੁਪਏ ਹੈ। ਭਾਰਤ ‘ਚ ਇਸ ਦੀ ਕੀਮਤ 25 ਰੁਪਏ ਹੈ। ਉਥੇ ਇੱਕ ਲੀਟਰ ਪੈਟਰੋਲ ਦੀ ਕੀਮਤ 258 ਰੁਪਏ ਹੈ ਜਦਕਿ ਭਾਰਤ ਵਿੱਚ ਇਹ 100 ਰੁਪਏ ਪ੍ਰਤੀ ਲੀਟਰ ਹੈ।