‘ਦ ਖ਼ਾਲਸ ਟੀਵੀ ਬਿਊਰੋ (ਹਰਵਿੰਦਰ ਸਿੰਘ):-ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਐੱਫਆਈਆਰ 11 ਤਹਿਤ ਗ੍ਰਿਫਤਾਰ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਮੁਹਾਲੀ ਦੀ ਕੋਰਟ ਨੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ। ‘ਦ ਖ਼ਾਲਸ ਟੀਵੀ ਦੀ ਦੇਰ ਰਾਤ ਇਸ ਵਿਸ਼ੇਸ਼ ਕਵਰੇਜ ਦੌਰਾਨ ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੀ ਰਿਪੋਰਟ ਮੁਤਾਬਿਕ ਇਹ ਕਾਰਵਾਈ ਹਾਈਕੋਰਟ ਵੱਲੋਂ ਜਾਰੀ ਉਸ ਹੁਕਮ ਤਹਿਤ ਕੀਤੀ ਗਈ ਹੈ, ਜਿਸ ਵਿੱਚ ਕੋਰਟ ਨੇ ਬਕਾਇਦਾ ਵਿਜੀਲੈਂਸ ਬਿਊਰੋ ਨੂੰ ਝਾੜਿਆ ਹੈ ਤੇ ਇਸ ਕਾਰਵਾਈ ਨੂੰ ਆਪਣੇ ਹੁਕਮਾਂ ਦੀ ਹੁਕਮ ਅਦੂਲੀ ਕਰਨਾ ਦੱਸਿਆ ਹੈ।
ਹਾਈਕੋਰਟ ਵੱਲੋਂ ਕੱਲ੍ਹ ਦੇਰ ਸ਼ਾਮ ਹੇਠਲੀ ਅਦਾਲਤ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਕਿ ਸੈਣੀ ਦੇ ਰਿਮਾਂਡ ਉੱਤੇ ਫਿਲਹਾਲ ਕੋਈ ਫੈਸਲਾ ਨਾ ਲਿਆ ਜਾਵੇ। ਰਾਤ ਕਰੀਬ ਸਾਢੇ ਗਿਆਰਾਂ ਵਜੇ ਹੇਠਲੀ ਅਦਾਲਤ ਨੇ ਸੈਣੀ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਤੇ ਕਰੀਬ 14 ਘੰਟੇ ਬਾਅਦ ਸੈਣੀ ਨੂੰ ਰਾਤ ਦੋ ਵਜੇ ਰਿਹਾਅ ਕਰ ਦਿੱਤਾ ਗਿਆ।ਇੱਥੇ ਇਹ ਵੀ ਜਿਕਰਯੋਗ ਹੈ ਕਿ ਸੈਣੀ ਦੀ ਘਰਵਾਲੀ ਸ਼ੋਭਾ ਸੈਣੀ ਨੇ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਪਟੀਸ਼ਨ ਰਾਹੀਂ ਕੋਰਟ ਵਿੱਚ ਚੈਲੇਂਜ ਕੀਤਾ ਸੀ।
ਮੁਹਾਲੀ ਦੀ ਅਦਾਲਤ ਵਿੱਚ ਜੱਜ ਅਰੁਣ ਕੁਮਾਰ ਤਿਆਗੀ ਨੇ ਕਿਹਾ ਹੈ ਕਿ ਸੈਣੀ ਨੂੰ 7 ਦਿਨ ਦੇ ਅਗਾਉਂ ਨੋਟਿਸ ਤੋਂ ਬਾਅਦ ਹੀ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸੈਣੀ ਨੂੰ ਇਸੇ ਮਾਮਲੇ ਵਿੱਚ ਦਰਜ 13 ਨੰਬਰ ਐੱਫਆਈਆਰ ਵਿੱਚ ਰਾਹਤ ਪ੍ਰਦਾਨ ਕੀਤੀ ਗਈ ਹੈ, ਤੇ ਦੋਵਾਂ ਵਿਚ ਸੈਣੀ ਤੇ ਇੱਕੋ ਜਿਹੇ ਇਲਜਾਮ ਦਰਜ ਹਨ। ਕੋਰਟ ਨੇ ਵਿਜੀਲੈਂਸ ਵੱਲੋਂ ਸੈਣੀ ਨੂੰ ਬਿਨਾਂ ਨੋਟਿਸ ਗ੍ਰਿਫਤਾਰ ਕਰਨਾ ਆਪਣੇ ਹੁਕਮਾਂ ਦੀ ਉਲੰਘਣਾ ਦੱਸਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਦਵਿੰਦਰ ਸੰਧੂ ਤੇ ਸਾਗਰ ਭਾਟੀਆ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।
ਇਸ ਮੌਕੇ ਵਕੀਲਾਂ ਨੇ ਕਿਹਾ ਹੈ ਕਿ ਇਹ ਇਕ ਇਤਿਹਾਸਕ ਫੈਸਲਾ ਹੈ ਤੇ ਪੂਰੇ ਮਾਮਲੇ ਉੱਤੇ ਡਿਟੇਲ ਵਿੱਚ ਮੈਰਾਥਨ ਆਰਗੁਮੈਂਟ ਹੋਏ ਹਨ।ਦੂਜੇ ਪਾਸੇ ਸੈਣੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਕੋਰਟ ਅੱਗੇ ਜੋ ਵੀ ਸੈਣੀ ਦੇ ਖਿਲਾਫ ਰੱਖਿਆ ਗਿਆ, ਉਹ ਪੂਰਾ ਨਹੀਂ ਸੀ ਤੇ ਵਿਜੀਲੈਂਸ ਦੀ ਕਾਰਵਾਈ ਬਿਲਕੁਲ ਗੈਰਕਾਨੂੰਨੀ ਸੀ।ਇੱਥੋਂ ਤੱਕ ਕਿ ਹਾਈਕੋਰਟ ਤੋਂ ਸੈਣੀ ਨੂੰ ਦਿੱਤੀ ਗਈ ਰਾਹਤ ਵੀ ਅਣਗੌਲਿਆਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਦੇਰ ਰਾਤ ਤੱਕ ਚੱਲੀ ਕਾਰਵਾਈ ਦੌਰਾਨ ਮੀਡੀਆ ਦਾ ਵੀ ਇਕ ਵੱਡਾ ਹਿੱਸਾ ਕੋਰਟ ਰੂਮ ਦੇ ਬਾਹਰ ਸੈਣੀ ਦੇ ਪੱਖ ਤੇ ਖਿਲਾਫ ਆਉਣ ਵਾਲੇ ਫੈਸਲੇ ਦੀ ਉਡੀਕ ਕਰਦਾ ਰਿਹਾ ਤੇ ਇਸ ਮੌਕੇ ਭਾਰੀ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਸੀ।ਕੋਰਟ ਰੂਮ ਤੋਂ ਬਾਹਰ ਆਉਂਦਿਆਂ ਹੀ ਸਾਬਕਾ ਡੀਜੀਪੀ ਸੈਣੀ ਸੁਰੱਖਿਆ ਘੇਰੇ ਵਿੱਚ ਸਿੱਧੇ ਗੱਡੇ ਵਿੱਚ ਬੈਠ ਕੇ ਚਲੇ ਗਏ। (ਵਿਸ਼ੇਸ਼ ਤਸਵੀਰਾਂ ‘ਦ ਖ਼ਾਲਸ ਟੀਵੀ)