International Punjab Religion Sports

‘ਲੱਖ ਲਾਨਤ ਹੈ ਅਕਮਲ,ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਪਤਾ ਕਰ’ !

ਬਿਉਰੋ ਰਿਪੋਰਟ – ਭਾਰਤ-ਪਾਕਿਸਤਾਨ ਦੇ ਵਿਚਾਲੇ T-20 ਵਰਲਡ ਕੱਪ ਦੇ ਅਖੀਰਲੇ ਓਵਰ ਵਿੱਚ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep singh) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਇਡੀਆ ਜਿੱਤੀ । ਪਰ ਮੈਚ ਦੌਰਾਨ ਪਾਕਿਸਤਾਨੀ TV ਚੈਨਲ ARY ‘ਤੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ (Kamran Akmal) ਵੱਲੋਂ ਅਰਸ਼ਦੀਪ ‘ਤੇ ਇਤਰਾਜ਼ ਯੋਗ ਬਿਆਨ ਦੇ ਕੇ ਪੂਰੇ ਸਿੱਖ ਭਾਈਚਾਰੇ ‘ਤੇ ਨਿਸ਼ਾਨਾ ਲਗਾਇਆ ਗਿਆ । ਜਦੋਂ ਅਰਸ਼ਦੀਪ ਨੂੰ ਅਖੀਰਲਾ ਓਵਰ ਦਿੱਤਾ ਗਿਆ ਤਾਂ ਕੁਮੈਂਟਰੀ ਕਰ ਰਹੇ ਆਮਰਾਨ ਅਕਮਲ ਨੇ ਕਿਹਾ ’12 ਵਜੇ ਹਨ ਹੁਣ ਕੁਝ ਵੀ ਹੋ ਸਕਦਾ ਹੈ,ਕਿਸੇ ਵੀ ਸਿੱਖ ਨੂੰ 12 ਵਜੇ ਓਵਰ ਨਹੀਂ ਦੇਣਾ ਚਾਹੀਦਾ ਹੈ’ । ਕਾਮਰਾਨ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹੈ ਜਿਸ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ ਨੇ ਕਾਮਰਾਨ ਨੂੰ ਤਗੜਾ ਜਵਾਬ ਦਿੱਤਾ ਜਿਸ ਤੋਂ ਬਾਅਦ ਹੁਣ ਕਾਮਰਾਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ।

‘ਲੱਖ ਲਾਨਤ ਹੈ ਤੇਰੇ’

ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ X ‘ਤੇ ਕਾਮਰਾਨ ਨੂੰ ਜਵਾਬ ਦਿੰਦੇ ਹੋਏ ਲਿਖਿਆ ‘ਲੱਖ ਦੀ ਲਾਨਤ ਤੇਰੇ ਕਾਮਰਾਨ ਅਕਮਲ,ਤੈਨੂੰ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ । ਅਸੀਂ ਸਿੱਖਾਂ ਨੇ ਮਾਵਾਂ ਅਤੇ ਭੈਣਾਂ ਨੂੰ ਬਚਾਇਆ ਹੈ ਜਦੋਂ ਦੁਸ਼ਮਣ ਉਨ੍ਹਾਂ ਨੂੰ ਆਪਣੇ ਨਾਲ ਲੈਕੇ ਜਾ ਰਹੇ ਸਨ । ਉਸ ਵੇਲੇ ਸਮਾਂ ਰਾਤ ਦੇ 12 ਵਜੇ ਹੁੰਦਾ ਸੀ,ਤੈਨੂੰ ਸਾਡਾ ਅਹਿਸਾਨ ਮੰਨਣ ਚਾਹੀਦਾ ਹੈ,ਤੈਨੂੰ ਸ਼ਰਮ ਆਉਣੀ ਚਾਹੀਦੀ ਹੈ । ਇਸ ਤੋਂ ਬਾਅਦ ਹੁਣ ਕਾਮਰਾਨ ਅਕਮਲ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਅਕਮਲ ਨੇ ਮੁਆਫੀ ਮੰਗੀ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਕਿਹਾ ਕਿ ‘ਮੈਨੂੰ ਆਪਣੇ ਬਿਆਨ ‘ਤੇ ਸ਼ਰਮਿੰਦਗੀ ਹੈ,ਮੈਂ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਕੋਲੋ ਮੁਆਫੀ ਮੰਗਦਾ ਹਾਂ । ਮੇਰੇ ਸ਼ਬਦ ਠੀਕ ਨਹੀਂ ਸਨ,ਮੈਂ ਸਿੱਖ ਭਾਈਚਾਰੇ ਦਾ ਬਹੁਤ ਹੀ ਸਤਿਕਾਰ ਕਰਦਾ ਹਾਂ । ਮੈਂ ਦੁਨੀਆ ਭਰ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੂੰ ਕਦੇ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ ਸੀ । ਮੈਂ ਸਚੇ ਮਨ ਨਾਲ ਮੁਆਫੀ ਮੰਗਦਾ ਹਾਂ’ ।