Punjab

ਸਾਬਕਾ CM ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਚਮਕੌਰ ਸਾਹਿਬ ਦੇ ਵਿਕਾਸ ਕਾਰਜਾਂ ‘ਤੇ ਹੋਏ ਖਰਚੇ ਦੀ ਜਾਂਚ ਸ਼ੁਰੂ

Ex-CM Channi's increased problems, investigation of expenses incurred on the development works of Chamkaur Sahib started

ਚੰਡੀਗੜ੍ਹ : ਪੰਜਾਬ ਦੀ ਮਾਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਚੰਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਚਮਕੌਰ ਸਾਹਿਬ ਹਲਕੇ ਦੇ ਵਿਕਾਸ ਕਾਰਜਾਂ ‘ਤੇ ਵਿਸ਼ੇਸ਼ ਤੌਰ ‘ਤੇ ਹੋਏ ਖਰਚੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਟੀਮ ਨੇ ਚਮਕੌਰ ਸਾਹਿਬ ਜਾ ਕੇ ਉਥੇ ਹੋਏ ਵਿਕਾਸ ਕਾਰਜਾਂ ਨਾਲ ਸਬੰਧਤ ਸਰਕਾਰੀ ਦਸਤਾਵੇਜ਼ ਜ਼ਬਤ ਕੀਤੇ। ਇਸ ਦੇ ਨਾਲ ਹੀ ਚੰਨੀ ਨੂੰ ਮੁੱਖ ਮੰਤਰੀ ਵਜੋਂ ਵੰਡੀ ਗਈ ਗ੍ਰਾਂਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਸੀਐਮ ਭਗਵੰਤ ਮਾਨ ਵਿਚਾਲੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਸਥਾਨਕ ਕੌਂਸਲਰਾਂ ਨੇ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਵਿੱਚ ਬੇਨਿਯਮੀਆਂ ਹੋਣ ਦੀ ਸ਼ਿਕਾਇਤ ਕੀਤੀ ਸੀ। ਪਿਛਲੇ ਦਿਨੀਂ ਵਿਕਾਸ ਅਧਿਕਾਰੀ ਚੰਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਟੀਮ ਨੇ ਕਰੀਬ 6 ਘੰਟੇ ਜਾਂਚ ਕੀਤੀ ਸੀ। ਪਰ ਜਾਂਚ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਸੀਐਮ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਾਬਕਾ ਸੀਐਮ ਚੰਨੀ ਦੇ ਭਤੀਜੇ ‘ਤੇ ਪੰਜਾਬ ਦੇ ਇੱਕ ਖਿਡਾਰੀ ਤੋਂ ਨੌਕਰੀ ਦਿਵਾਉਣ ਲਈ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਚੰਨੀ ਨੂੰ 31 ਮਈ ਨੂੰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਖੁਦ ਇਸ ਮਾਮਲੇ ਦਾ ਖੁਲਾਸਾ ਕਰਨ। ਅਜਿਹਾ ਨਾ ਕਰਨ ’ਤੇ ਸੀਐਮ ਮਾਨ ਵੱਲੋਂ ਮਾਮਲਾ ਜਨਤਕ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਇਸ ਸ਼ਿਕਾਇਤ ਵਿੱਚ ਕੌਂਸਲਰ ਸੁਖਵੀਰ ਸਿੰਘ, ਭੁਪਿੰਦਰ ਸਿੰਘ, ਕਮਲੇਸ਼ ਵਰਮਾ ਦੇ ਪਤੀ ਦਰਸ਼ਨ ਵਰਮਾ, ਪਰਮਜੀਤ ਕੌਰ ਦੇ ਪਤੀ ਸ਼ਮਸ਼ੇਰ ਸਿੰਘ ਨੇ ਕੌਂਸਲ ਪ੍ਰਧਾਨ ’ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਸਨ। ਇਸ ਸ਼ਿਕਾਇਤ ਵਿੱਚ ਸੀਵਰੇਜ ਲਾਈਨ ਨੂੰ ਮਨਜ਼ੂਰੀ ਦੇਣ, ਨਾਜਾਇਜ਼ ਕਾਲੋਨੀਆਂ ਬਣਾਉਣ ਅਤੇ ਨਾਜਾਇਜ਼ ਉਸਾਰੀ ਕਰਨ ਦੇ ਦੋਸ਼ ਲਾਏ ਗਏ ਸਨ।