Punjab

ਸਾਬਕਾ CM ਭੱਠਲ ਦੇ ਧਮਾਕਿਆਂ ਵਾਲੇ ਬਿਆਨ ’ਤੇ ਪੰਜਾਬ ਦੀ ਸਿਆਸਤ ’ਚ ਹੰਗਾਮਾ

ਬਿਊਰੋ ਰਿਪੋਰਟ (ਜਲੰਧਰ, 30 ਜਨਵਰੀ 2026): ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਇੱਕ ਵਿਵਾਦਤ ਬਿਆਨ ਨੇ ਕਾਂਗਰਸ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭੱਠਲ ਦੇ ਬਿਆਨ ’ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਇਸ ਮਾਮਲੇ ਵਿੱਚ ਐਫਆਈਆਰ (FIR) ਦਰਜ ਕੀਤੀ ਜਾਵੇਗੀ?

ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਦਾ ਦਿੱਤਾ ਹਵਾਲਾ: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ ਬੰਬ ਆ ਗਏ ਹਨ, ਤਾਂ ਸਰਕਾਰ ਨੇ ਤੁਰੰਤ ਪਰਚਾ ਦਰਜ ਕਰ ਦਿੱਤਾ ਸੀ। ਹੁਣ ਜਦੋਂ ਸਾਬਕਾ ਮੁੱਖ ਮੰਤਰੀ ਖ਼ੁਦ ਕਹਿ ਰਹੇ ਹਨ ਕਿ ਅਫ਼ਸਰਾਂ ਨੇ ਬੰਬ ਧਮਾਕੇ ਕਰਵਾਉਣ ਦੀ ਸਲਾਹ ਦਿੱਤੀ ਸੀ, ਤਾਂ ਸਰਕਾਰ ਚੁੱਪ ਕਿਉਂ ਹੈ? ਉਨ੍ਹਾਂ ਮੰਗ ਕੀਤੀ ਕਿ ਬੀਬੀ ਭੱਠਲ ਨੂੰ ਖ਼ੁਦ ਸਾਹਮਣੇ ਆ ਕੇ ਉਨ੍ਹਾਂ ਅਫ਼ਸਰਾਂ ਅਤੇ ਸਲਾਹਕਾਰਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਸਿਆਸੀ ਲਾਭ ਲਈ ਅਜਿਹੀ ਖ਼ਤਰਨਾਕ ਸਲਾਹ ਦਿੱਤੀ ਸੀ।

TRC ਦੇ ਗਠਨ ਦੀ ਮੰਗ: ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦੌਰ ਦੀਆਂ ਸਾਰੀਆਂ ਘਟਨਾਵਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ‘ਟਰੂਥ ਐਂਡ ਰਿਕਨਸੀਲੀਏਸ਼ਨ ਕਮਿਸ਼ਨ’ (TRC) ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪੁਰਾਣੇ ਸਮੇਂ ਵਿੱਚ ਹੋਏ ਧਮਾਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਤਾਂ ਨਹੀਂ ਕੀਤੇ ਗਏ ਸਨ? ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਕਮਿਸ਼ਨ ਦੇ ਗਠਨ ਤੋਂ ਭੱਜਦੀਆਂ ਰਹੀਆਂ ਹਨ, ਜਿਸ ਨਾਲ ਸ਼ੱਕ ਹੋਰ ਡੂੰਘਾ ਹੁੰਦਾ ਹੈ।