Punjab

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਗ੍ਰਿਫਤਾਰ,ਵਿਜੀਲੈਂਸ ਨੂੰ ਇਸ ਹਾਲਤ ‘ਚ ਮਿਲੇ ਆਸ਼ੂ

ਭਾਰਤ ਭੂਸ਼ਣ ਆਸ਼ੂ ਨੂੰ ਸੈਲੂਨ ਤੋਂ ਗ੍ਰਿਫਤਾਰ, ਕੀਤਾ ਗਿਆ

ਖਾਲਸ ਬਿਊਰੋ:ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਤੋਂ ਗ੍ਰਿਫਤਾਰ, ਕੀਤਾ ਗਿਆ ਹੈ।ਜਿਸ ਵੇਲੇ ਵਿਜੀਲੈਂਸ ਆਸ਼ੂ ਨੂੰ ਗ੍ਰਿਫਤਾਰ ਕਰਨ ਪਹੁੰਚੀ ,ਉਹ ਸੈਲੂਨ ਵਿੱਚ ਵਾਲ ਕਟਵਾ ਰਹੇ ਸਨ ਤੇ ਉਥੋਂ ਹੀ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ।ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਮੁਤਾਬਿਕ ਉਨ੍ਹਾਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਗ੍ਰਿਫਤਾਰੀ ਦੇ ਕਾਗਜ਼ ਦਿਖਾਉਣ ਨੂੰ ਕਿਹਾ ਸੀ ਪਰ ਉਹ ਪੇਸ਼ ਨਹੀਂ ਕਰ ਸਕੇ।ਉਨ੍ਹਾਂ ਇਹ ਵੀ  ਕਿਹਾ ਕਿ ਵਿਜੀਲੈਂਸ ਦਾ ਕੋਈ ਵੀ ਮੁਲਾਜ਼ਮ ਵਰਦੀ ਵਿੱਚ ਨਹੀਂ ਸੀ। ਬਿੱਟੂ ਮੁਤਾਬਿਕ 4 ਤੋਂ 5 ਮੁਲਾਜ਼ਮਾਂ ਦੀ ਟੀਮ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਆਈ ਸੀ ।ਇਸ ਤੋਂ ਬਾਅਦ ਉਹ ਆਪ ਲੁਧਿਆਣਾ ਵਿਜੀਲੈਂਸ ਦੇ ਦਫ਼ਤਰ ਆਸ਼ੂ ਨੂੰ ਲੈ ਕੇ ਗਏ। ਮਾਨ ਸਰਕਾਰ ‘ਤੇ ਵਰਦਿਆਂ ਉਹਨਾਂ ਇਲਜ਼ਾਮ ਲਗਾਇਆ ਕਿ ਸਰਕਾਰ ਉਹਨਾਂ ਨੂੰ  ਬਦਨਾਮ ਕਰਨਾ ਚਾਹੁੰਦੀ ਹੈ ਅਤੇ ਬਦਲਾਖੋਰੀ ਦੇ ਨਾਲ ਕੰਮ ਕਰ ਰਹੀ ਹੈ।ਸੋਮਵਾਰ ਨੂੰ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਨੇ ਵਿਜੀਲੈਂਸ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਵਿੱਚ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਹੋਏ ਸਨ।ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਈ ਅਫਸਰਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ।

ਆਸ਼ੂ ਖਿਲਾਫ 18 ਸ਼ਿਕਾਇਤਾਂ

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ 18 ਸ਼ਿਕਾਇਤਾਂ ਵਿਜੀਲੈਂਸ ਕੋਲ ਪਹੁੰਚੀਆਂ ਸਨ।ਫੂਡ ਐਂਡ ਸਿਵਲ ਸਪਲਾਈ ਮੰਤਰੀ ਰਹਿੰਦੇ ਹੋਏ ਆਸ਼ੂ ‘ਤੇ ਟੈਂਡਰਾਂ ਵਿੱਚ ਗੱੜਬੜੀ ਕਰਨ ਦੇ ਕਈ ਇਲਜ਼ਾਮ ਸਾਹਮਣੇ ਆਏ ਹਨ।ਆਸ਼ੂ ਖਿਲਾਫ਼ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ।ਠੇਕੇਦਾਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਲੇਬਰ ਅਤੇ ਟਰਾਂਸਪੋਟੇਸ਼ਨ ਦੇ ਟੈਂਡਰਾਂ ਵਿੱਚ ਘੁਟਾਲਾ ਕੀਤਾ ਗਿਆ ਹੈ ਅਤੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ।

ਆਸ਼ੂ ਦੇ ਕਰੀਬੀ ‘ਤੇ ਕਾਰਵਾਈ

ਸ਼ਨਿੱਚਰਵਾਰ ਨੂੰ ਹੀ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਖਿਲਾਫ਼ ਸ਼ਿਕੰਜਾ ਕੱਸ ਲਿਆ ਸੀ।ਪੰਜਾਬ ਦੇ ਸਿਵਲ ਸਪਲਾਈ ਵਿਭਾਗ ਵਿੱਚ ਆਸ਼ੂ ਦੇ ਨਜ਼ਦੀਕੀ ਅਫਸਰ ਰਾਕੇਸ਼ ਸਿੰਗਲਾ ਨੂੰ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ।ਵਿਭਾਗ ਦੇ ਟੈਂਡਰਾਂ ‘ਤੇ ਸਿੰਗਲਾ ਦੀ ਹੀ  ਮੋਹਰ ਲੱਗਦੀ ਸੀ। ਟੈਂਡਰ ਘੁਟਾਲੇ ਦੀ ਖ਼ਬਰ ਤੋਂ ਬਾਅਦ ਉਹ ਗਾਇਬ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਸਿੰਗਲਾ ਨੇ ਕੈਨੇਡਾ ਵਿੱਚ ਸਿਟੀਜਨਸ਼ਿਪ ਲੈ ਲਈ ਹੈ। ਸਰਕਾਰ ਨੇ ਸਿੰਗਲਾ ਦੀ ਬਰਖਾਸਤੀ ਦੇ ਪਿੱਛੇ ਸਰਵਿਸ ਨਿਯਮਾਂ ਦਾ ਹਵਾਲਾ ਦਿੱਤਾ ਹੈ। ਇਲਜ਼ਾਮ ਹੈ ਕਿ ਸਿੰਗਲਾ ਨੇ ਨਿਯਮ 8 ਅਤੇ 10 ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਸਿਟੀਜਨਸ਼ਿਪ ਲਈ ਹੈ।ਸਰਕਾਰ ਦੀ ਰਡਾਰ ‘ਤੇ 20 ਵਿਭਾਗਾਂ ਦੇ 130 ਅਫਸਰ ਵੀ ਹਨ।