Punjab

1992 ਦੇ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਏਐੱਸਆਈ ਨੂੰ 10 ਸਾਲ ਦੀ ਕੈਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- 29 ਸਾਲ ਪਹਿਲਾਂ 1992 ਵਿੱਚ ਸਿੱਖ ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਜਾ ਸੁਣਾਈ ਹੈ। ਉਸਨੂੰ 20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਸੇਵਾਮੁਕਤ ਸਬ-ਇੰਸਪੈਕਟਰ ਵੱਸਣ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਸਮੇਂ ਉਹ ਬਿਆਸ ਥਾਣੇ ਵਿੱਚ ਐੱਸਐੱਚਓ ਤਾਇਨਾਤ ਸੀ। ਪੰਜਾਬ ਪੁਲੀਸ ਨੇ ਸਿੱਖ ਨੌਜਵਾਨ ਗੁਰਬਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਬਾਅਦ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਉਸ ਵੇਲੇ ਦੇ ਐੱਸਐੱਚਓ ਵੱਸਣ ਸਿੰਘ ਅਤੇ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪਰਿਵਾਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਸਾਲ 1992 ਵਿੱਚ ਪੰਜਾਬ ਪੁਲੀਸ ਨੇ ਬਿਆਸ ’ਚੋਂ ਚੰਨਣ ਸਿੰਘ ਨਾਂ ਨੂੰ 21 ਜੁਲਾਈ 1992 ਦੀ ਸ਼ਾਮ ਨੂੰ ਘਰੋਂ ਚੁੱਕ ਕੇ ਜਲੰਧਰ ਦੇ ਥਾਣੇ ਦੀ ਹਵਾਲਾਤ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਸ ਦੇ ਤਸ਼ੱਦਦ ਢਾਹਿਆ ਗਿਆ। ਜਾਣਕਾਰੀ ਅਨੁਸਾਰ ਦੋ ਦਿਨਾਂ ਮਗਰੋਂ ਪੁਲੀਸ ਨੇ ਚੰਨਣ ਸਿੰਘ ਦੇ ਪੁੱਤਰ ਗੁਰਬਿੰਦਰ ਸਿੰਘ ਨੂੰ ਜਲੰਧਰ ਰਹਿੰਦੇ ਉਸ ਦੇ ਭਰਾ ਸਵਰਨ ਸਿੰਘ ਦੇ ਘਰੋਂ ਚੁੱਕ ਲਿਆ ਅਤੇ ਪਿੰਡ ਦੇ ਮੋਹਤਬਰਾਂ ਦੀ ਅਪੀਲ ’ਤੇ ਚੰਨਣ ਸਿੰਘ ਨੂੰ ਛੱਡ ਦਿੱਤਾ।

ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਪਰਮਿੰਦਰ ਸਿੰਘ ਅਨੁਸਾਰ 24 ਜੁਲਾਈ ਨੂੰ ਪੁਲਿਸ ਨੇ ਗੁਰਬਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਦੱਸ ਕੇ ਉਸ ਦੀ ਕੇਸ ਫਾਈਲ ਬੰਦ ਕਰ ਦਿੱਤੀ ਸੀ। ਇਸ ਮਗਰੋਂ ਜਸਵੰਤ ਸਿੰਘ ਖਾਲੜਾ ਕਮੇਟੀ ਨੇ ਇਹ ਮਾਮਲਾ ਚੁੱਕਿਆ ਅਤੇ ਪੀੜਤ ਪਰਿਵਾਰ ਨੇ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ। ਇਸ ਤਰ੍ਹਾਂ ਪੰਜ ਸਾਲ ਬਾਅਦ 1997 ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਤੇ ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰੀਕ ਸਿੰਘ ਅਤੇ ਸਬ ਇੰਸਪੈਕਟਰ ਵੱਸਣ ਸਿੰਘ ਦੇ ਖ਼ਿਲਾਫ਼ ਧਾਰਾ 342, 364,302 ਅਤੇ 34 ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ।

ਅਦਾਲਤ ਤੋਂ ਬਾਹਰ ਜਾਣ ਸਮੇਂ ਜਿਵੇਂ ਹੀ ਮੀਡੀਆ ਨੇ ਦੋਸ਼ੀ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਦੀ ਧੀ ਨੇ ਇਤਰਾਜ਼ ਕਰਦੇ ਹੋਏ ਪੱਤਰਕਾਰਾਂ ਨੂੰ ਕਾਫੀ ਮਾੜੇ ਬੋਲ ਬੋਲੇ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਭਰਾ ਪਰਮਿੰਦਰ ਸਿੰਘ ਨੇ ਕਿਹਾ ਕਿ 29 ਸਾਲ ਪਹਿਲਾਂ ਪੁਲੀਸ ਨੇ ਉਸ ਦੇ ਭਰਾ ਨੂੰ ਚੁੱਕ ਕੇ ਬਾਅਦ ਵਿੱਚ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅੱਜ ਕਰੀਬ ਤਿੰਨ ਦਹਾਕੇ ਬਾਅਦ ਇਨਸਾਫ ਅਤੇ ਦੋਸ਼ੀ ਨੂੰ ਸਜ਼ਾ ਮਿਲੀ ਹੈ। ਇਨਸਾਫ ਲਈ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਧੱਕੇ ਖਾਣੇ ਪਏ ਹਨ।