Punjab

ਪੰਜਾਬ ਪੁਲਿਸ ਦਾ ਵੇਖ ਲਓ ਹਾਲ ! ਘਰ ਵਾਲੇ 2 ਚੋਰ ਫੜ ਕੇ ਥਾਣੇ ਪਹੁੰਚੇ ! ਥਾਣਾ ਸੀ ਬੰਦ ! ਫਿਰ ਘਰ ਵਾਲਿਆਂ ਨੇ ਪੁਲਿਸ ਵਾਂਗ ਸੇਵਾ ਕੀਤੀ !

ਪਟਿਆਲਾ : ਪੰਜਾਬ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਕਿੰਨੀ ਸੰਜੀਦਾ ਹੈ ਅਤੇ 24 ਘੰਟੇ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਕਿੰਨੀ ਸਮਰਥ ਹੈ ਇਸ ਦੀ ਪੋਲ ਪਟਿਆਲਾ ਤੋਂ ਖੁੱਲੀ ਹੈ । ਇੱਕ ਰਿਟਾਇਡ ਫੌਜੀ ਨੇ ਹਿੰਮਤ ਕਰਕੇ 2 ਚੋਰਾਂ ਨੂੰ ਫੜਿਆ ਅਤੇ ਪੁਲਿਸ ਸਟੇਸ਼ਨ ਲੈ ਕੇ ਆਇਆ ਤਾਂ ਰਾਤ ਹੋਣ ਦੀ ਵਜ੍ਹਾ ਕਰਕੇ ਥਾਣਾ ਬੰਦ ਸੀ। ਫੌਜੀ ਨੂੰ ਮੁੜ ਤੋਂ ਆਪਣੇ ਘਰ ਦੋਵੇਂ ਚੋਰਾਂ ਨੂੰ ਲੈ ਕੇ ਜਾਣਾ ਪਿਆ ਅਤੇ ਉਨ੍ਹਾ ਲਈ ਪਹਿਰੇਦਾਰੀ ਕਰਨੀ ਪਈ ।

ਦਰਅਸਲ ਅੱਧੀ ਰਾਤ ਵੇਲੇ ਪਟਿਆਲਾ ਦੇ ਰਿਟਾਇਡ ਫੌਜੀ ਦੇ ਘਰ ਨਸ਼ੇ ਦੀ ਹਾਲਤ ਵਿੱਚ 2 ਚੋਰ ਵੜ ਗਏ ਸਨ। ਆਵਾਜ਼ ਹੋਣ ‘ਤੇ ਜਦੋਂ ਫੌਜੀ ਦੀ ਜਾਗ ਖੁੱਲੀ ਤਾਂ ਦੋਵੇਂ ਚੋਰ ਸੋਫੇ ਪਿੱਛੇ ਲੁੱਕੇ ਸਨ,ਘਰ ਵਾਲਿਆਂ ਨੇ ਮਿਲ ਕੇ ਦੋਵਾਂ ਨਸ਼ੇੜੀ ਚੋਰਾਂ ਨੂੰ ਫੜ ਲਿਆ ਅਤੇ ਪੁਲਿਸ ਸਟੇਸ਼ਨ ਨਜ਼ਦੀਕ ਹੋਣ ਦੀ ਵਜ੍ਹਾ ਕਰਕੇ ਆਪ ਉਨ੍ਹਾਂ ਨੂੰ ਥਾਣੇ ਲੈ ਗਏ । ਜਦੋਂ ਉਹ ਥਾਣੇ ਪਹੁੰਚੇ ਤਾਂ ਹੋਸ਼ ਉੱਡ ਗਏ ਥਾਣਾ ਖਾਲੀ ਸੀ। ਪੂਰੀ ਰਾਤ ਘਰ ਵਿੱਚ ਚੋਰਾਂ ਨੂੰ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਪਰ ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਸੀ। ਰਿਟਾਇਡ ਫੌਜੀ ਦੋਵੇ ਚੋਰਾਂ ਨੂੰ ਘਰ ਲੈ ਕੇ ਆਇਆ ਅਤੇ ਉਨ੍ਹਾਂ ਦੀਆਂ ਅੱਖਾਂ ‘ਤੇ ਪੱਟੀਆਂ ਬੰਨ ਦਿੱਤੀ ਅਤੇ ਹੱਥਾਂ ਅਤੇ ਪੈਰਾਂ ‘ਤੇ ਵੀ ਰੱਸੀ ਬੰਨੀ । ਪੂਰੀ ਰਾਤ ਰੱਖਵਾਲੀ ਕਰਨ ਤੋਂ ਬਾਅਦ ਸਵੇਰ ਵੇਲੇ ਉਹ ਥਾਣੇ ਵਿੱਚ ਲੈਕੇ ਗਏ ਅਤੇ ਪੁਲਿਸ ਦੇ ਹਵਾਲੇ ਕੀਤਾ ।

ਪਰ ਇਹ ਘਟਨਾ ਆਪਣੇ ਆਪ ਵੀ ਹੈਰਾਨ ਕਰਨ ਵਾਲੀ ਹੈ ਅਤੇ ਪੁਲਿਸ ‘ਤੇ ਸਵਾਲ ਖੜੇ ਕਰ ਰਹੀ ਹੈ । ਆਖਿਰ ਥਾਣਾ ਕਿਵੇਂ ਬੰਦ ਹੋ ਸਕਦਾ ਹੈ । ਇਹ ਲਾਪਰਵਾਈ ਹੈ ਜਾਂ ਫਿਰ ਸਟਾਫ ਕੀ ਕਮੀ ? ਇਸ ਦੀ ਜਾਂਚ ਹੋਣੀ ਚਾਹੀਦੀ ਹੈ,ਕਿਉਂਕਿ ਸਵਾਲ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ।