India

ਅਗਨੀਵੀਰ ਯੋਜਨਾ ’ਚ ਕੇਂਦਰ ਸਰਕਾਰ ਨੇ ਕੀਤਾ ਵੱਡਾ ਬਦਲਾਅ! ਰਾਹੁਲ ਗਾਂਧੀ ਵਾਰ-ਵਾਰ ਚੁੱਕ ਰਹੇ ਸਨ ਸਵਾਲ

ਬਿਉਰੋ ਰਿਪੋਰਟ – ਅਗਨੀਵੀਰ ਯੋਜਨਾ ਨੂੰ ਲੈ ਕੇ ਘਿਰੀ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਣ ਅਗਨੀਵੀਰਾਂ ਨੂੰ ਅਰਧ ਸੈਨਿਕ ਬਲਾਂ ਵਿੱਚ 10 ਫੀਸਦੀ ਰਾਖਵਾਂ ਦੇਣ ਦਾ ਐਲਾਨ ਕੀਤਾ ਹੈ। CISF ਇਸ ਨੂੰ ਤਤਕਾਲ ਲਾਗੂ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ CISF ਨੇ ਇਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। NDA ਵਿੱਚ ਸ਼ਾਮਲ JDU ਅਤੇ ਹੋਰ ਭਾਈਵਾਲ ਪਾਰਟੀਆਂ ਨੇ ਅਗਨੀਵੀਰਾਂ ਨੂੰ ਲੈ ਕੇ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਬੀਜੇਪੀ ਦੇ ਅੰਦਰ ਵੀ ਅਗਨੀਵੀਰ ਖਿਲਾਫ ਅਵਾਜ਼ ਉੱਠ ਰਹੀ ਸੀ। ਪਾਰਟੀ ਦੇ ਆਗੂਆਂ ਦਾ ਕਹਿਣਾ ਸੀ ਬੀਜੇਪੀ ਨੂੰ ਘੱਟ ਸੀਟਾਂ ਮਿਲਣ ਦੇ ਪਿੱਛੇ ਕਿਧਰੇ ਨਾ ਕਿਧਰੇ ਨੌਜਵਾਨਾਂ ਵਿੱਚ ਅਗਨੀਵੀਰ ਯੋਜਨਾ ਨੂੰ ਲੈ ਕੇ ਨਰਾਜ਼ਗੀ ਵੀ ਵਿਖਾਈ ਦੇ ਰਹੀ ਸੀ।

ਅਗਨੀਵੀਰ ਸਕੀਮ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲਗਾਤਾਰ ਸਰਕਾਰ ਨੂੰ ਘੇਰਿਆ ਹੈ। ਪੰਜਾਬ ਦੇ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਾਲ ਮਿਲਣ ਦਾ ਮੁੱਦਾ ਉਨ੍ਹਾਂ ਨੇ ਲੋਕ ਸਭਾ ਵਿੱਚ ਚੁੱਕਿਆ ਸੀ, ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਨੇ ਪੂਰਾ ਮੁਆਵਜ਼ਾ ਦੇਣ ਦਾ ਦਾਅਵਾ ਕੀਤਾ। ਪਰ ਰਾਹੁਲ ਗਾਂਧੀ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਫੌਜ ਜਿਸ ਨੂੰ ਮੁਆਵਜ਼ਾ ਦੱਸ ਰਹੀ ਹੈ ਉਹ ਜੀਵਨ ਬੀਮਾ ਦੀ ਰਕਮ ਹੈ ਸਰਕਾਰ ਵੱਲੋਂ ਕੁਝ ਨਹੀਂ ਦਿੱਤਾ ਗਿਆ। ਅਗਨੀਵੀਰ ਯੋਜਨਾ ਦੇ ਤਹਿਤ ਸਿਰਫ਼ 4 ਸਾਲ ਦੀ ਸਰਵਿਸ ਹੁੰਦੀ ਹੈ।