ਚੰਡੀਗੜ੍ਹ: ਮੁਹਾਲੀ ਦੇ ਫੇਜ਼-10 ਵਿੱਚ ਸਥਿਤ ਇੱਕ ਜਿਊਲਰੀ ਦੀ ਦੁਕਾਨ ਵਿੱਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ’ਤੇ ਪਹੁੰਚੇ ਪਰ ਇੱਥੇ ਉਨ੍ਹਾਂ ਦੀ ਗਤੀਵਿਧੀ ਦੁਕਾਨਦਾਰ ਨੂੰ ਸ਼ੱਕੀ ਲੱਗੀ। ਜਦੋਂ ਦੁਕਾਨਦਾਰ ਨੇ ਉਨ੍ਹਾਂ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਉਹ ਸੋਨੇ ਦੀ ਚੇਨ ਅਤੇ ਕੁਝ ਹੋਰ ਸਾਮਾਨ ਲੈ ਕੇ ਭੱਜ ਗਏ। ਇਹ ਦੋਵੇਂ ਨੌਜਵਾਨ ਐਕਟਿਵਾ ’ਤੇ ਆਏ ਸਨ। ਉਹ ਐਕਟਿਵਾ ਮੌਕੇ ’ਤੇ ਛੱਡ ਕੇ ਭੱਜ ਗਏ। ਪੁਲਿਸ ਹੁਣ ਇਸ ਐਕਟਿਵਾ ਦੇ ਨੰਬਰ ਦੇ ਆਧਾਰ ’ਤੇ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼-10 ਸਥਿਤ ਜੀਕੇ ਜਵੈਲਰਜ਼ ਵਿੱਚੋਂ ਕਰੀਬ 100 ਗ੍ਰਾਮ ਸੋਨਾ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ। ਪਰ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜਵੈਲਰ ਵੀ ਆਪਣੇ ਸਾਮਾਨ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਉਹ ਲੁੱਟੇ ਗਏ ਸਮਾਨ ਦੀ ਸੂਚੀ ਤਿਆਰ ਕਰਕੇ ਪੁਲਿਸ ਨੂੰ ਦੇਵੇਗਾ। ਪੁਲਿਸ ਨੇ ਲੁਟੇਰੇ ਨੌਜਵਾਨਾਂ ਦੀ ਐਕਟਿਵਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੁਟੇਰਿਆਂ ਦੀ ਇਸ ਐਕਟਿਵਾ ਦਾ ਨੰਬਰ ਟਰੈਕਿੰਗ ’ਤੇ ਪਾ ਦਿੱਤਾ ਹੈ। ਪਰ ਅਜੇ ਤੱਕ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਹਾਲੇ ਇਹ ਮੰਨ ਰਹੀ ਹੈ ਕਿ ਇਹ ਐਕਟਿਵਾ ਵੀ ਉਨ੍ਹਾਂ ਦੇ ਵੱਲੋਂ ਚੋਰੀ ਕੀਤੀ ਹੋਈ ਹੋ ਸਕਦੀ ਹੈ। ਇਸ ’ਤੇ ਜਾਅਲੀ ਨੰਬਰ ਲਗਾਇਆ ਗਿਆ ਹੈ। ਹਾਲਾਂਕਿ ਸੀਸੀਟੀਵੀ ਕੈਮਰੇ ਵਿੱਚ ਦੋਵਾਂ ਨੌਜਵਾਨਾਂ ਦੇ ਚਿਹਰੇ ਨਜ਼ਰ ਆ ਰਹੇ ਹਨ। ਪੁਲਿਸ ਇਸ ਆਧਾਰ ’ਤੇ ਜਾਂਚ ਕਰ ਰਹੀ ਹੈ। ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।