‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦਿਆਰਥੀਆਂ ਨਾਲ ਪਰੀਕਸ਼ਾ ਪੇ ਚਰਚਾ ਵਿੱਚ ਕਿਹਾ ਕਿ ਦੇਸ਼ ਦੇ ਹਰ ਵਰਗ ਨੇ ਸਿੱਖਿਆ ਨੀਤੀ ਦਾ ਦਿਲੋਂ ਸੁਆਗਤ ਕੀਤਾ ਹੈ। ਸਿੱਖਿਆ ਨੀਤੀ ਲਈ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਲਈ ਭਾਰਤ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ। ਮਾਪੇ ਤੇ ਅਧਿਆਪਕ ਆਪਣੇ ਸੁਫ਼ਨੇ, ਅਧੂਰੀਆਂ ਇਛਾਵਾਂ ਨੂੰ ਬੱਚਿਆਂ ’ਤੇ ਨਾ ਥੋਪਣ। ਉਨ੍ਹਾਂ ਕਿਹਾ ਕਿ ਪੁਰਾਣੇ ਵਿਚਾਰ, 20ਵੀਂ ਸਦੀ ਦੀਆਂ ਨੀਤੀਆਂ 21ਵੀਂ ਸਦੀ ਵਿੱਚ ਵਿਕਾਸ ਦਾ ਮਾਰਗ ਨਹੀਂ ਦਿਖਾ ਸਕਦੀਆਂ, ਸਾਨੂੰ ਸਮੇਂ ਦੇ ਨਾਲ ਬਦਲਣਾ ਪਵੇਗਾ।
ਪ੍ਰੀਖਿਆ ‘ਤੇ ਚਰਚਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਮੇਰਾ ਬਹੁਤ ਪਿਆਰਾ ਪ੍ਰੋਗਰਾਮ ਹੈ ਪਰ ਕੋਰੋਨਾ ਦੇ ਸਮੇਂ ‘ਚ ਤੁਹਾਡੇ ‘ਚੋਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲ ਸਕਿਆ। ਇਹ ਮੇਰੇ ਲਈ ਖੁਸ਼ੀ ਦਾ ਪ੍ਰੋਗਰਾਮ ਹੈ, ਲੰਬੇ ਸਮੇਂ ਬਾਅਦ ਮੈਂ ਤੁਹਾਨੂੰ ਮਿਲ ਸਕਿਆ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਲੋਕ ਇਮਤਿਹਾਨਾਂ ਤੋਂ ਡਰੋਗੇ। ਤੁਹਾਡੇ ਮਾਪਿਆਂ ਨੂੰ ਇਮਤਿਹਾਨ ਦਾ ਡਰ ਹੋ ਸਕਦਾ ਹੈ।