India

PM ਮੋਦੀ ਆਪਣੇ ਜਨਮ ਦਿਨ ‘ਤੇ ਵੰਡਣਗੇ ਸੋਨੇ ਦੀ ਮੁੰਦਰੀ ਤੇ ਮੱਛੀ

‘ਦ ਖ਼ਾਲਸ ਬਿਊਰੋ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ੍ਹ ਜਨਮ ਦਿਨ (Birthday) ਹੈ। ਬੀਜੇਪੀ ਦੇ ਵਰਕਰ ਮੋਦੀ (PM Modi) ਦੇ ਜਨਮ ਦਿਨ ਨੂੰ ਧੂਮ ਧਾਮ ਦੇ ਨਾਲ ਮਨਾਉਣ ਦੇ ਲਈ ਦੇਸ਼ ਭਰ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ (Program) ਆਯੋਜਿਤ ਕਰਦੇ ਹਨ। ਇਸ ਵਾਰ ਬੀਜੇਪੀ ਵਰਕਰਾਂ ਨੇ ਕੁਝ ਅਲੱਗ ਕਰਨ ਦਾ ਸੋਚਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਹੋਰ ਖਾਸ ਅਤੇ ਯਾਦਗਾਰ ਬਣਾਉਣ ਲਈ ਤਾਮਿਲਨਾਡੂ ਵਿੱਚ ਮੋਦੀ ਦੇ ਜਨਮ ਦਿਨ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

‘ਹਿੰਦੁਸਤਾਨ ਟਾਈਮਜ਼’ ‘ਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਭੇਟ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੋਰ ਪ੍ਰੋਗਰਾਮ ਵੀ ਕਰਵਾਏ ਜਾਣਗੇ।

ਕੇਂਦਰ ਸਰਕਾਰ ਵਿੱਚ ਮੱਛੀ ਪਾਲਣ ਅਤੇ ਸੂਚਨਾ ਪ੍ਰਸਾਰਣ ਰਾਜ ਮੰਤਰੀ, ਐਲ ਮੁਰੂਗਨ ਨੇ ਦੱਸਿਆ ਕਿ ਚੇਨਈ ਵਿੱਚ ਸਰਕਾਰੀ RSRM ਹਸਪਤਾਲ ਦੀ ਪਛਾਣ ਕੀਤੀ ਗਈ ਹੈ। ਇੱਥੋਂ ਦੇ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਜਨਮੇ ਸਾਰੇ ਨਵਜੰਮੇ ਬੱਚਿਆਂ ਨੂੰ 2 ਗ੍ਰਾਮ ਵਜ਼ਨ ਦੀ ਸੋਨੇ ਦੀ ਮੁੰਦਰੀ ਭੇਟ ਕੀਤੀ ਜਾਵੇਗੀ। ਇਸ ਅੰਗੂਠੀ ਦੀ ਕੀਮਤ 5 ਹਜ਼ਾਰ ਰੁਪਏ ਹੋਵੇਗੀ। ਪਾਰਟੀ ਦੀ ਸਥਾਨਕ ਇਕਾਈ ਨੇ ਉਸ ਦਿਨ ਹਸਪਤਾਲ ਵਿੱਚ ਲਗਭਗ 10-15 ਜਣੇਪੇ ਹੋਣ ਦਾ ਅਨੁਮਾਨ ਲਗਾਇਆ ਹੈ। ਮੁਰੂਗਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਸਾਰੇ ਨਵਜੰਮੇ ਬੱਚਿਆਂ ਦਾ ਸਵਾਗਤ ਕਰਕੇ ਮਨਾਇਆ ਜਾਵੇਗਾ।

30 ਅਗਸਤ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਰੁਣ ਸਿੰਘ ਵੱਲੋਂ ਸਾਰੀਆਂ ਸੂਬਾ ਇਕਾਈਆਂ ਨੂੰ ਤਿੰਨ ਪੰਨਿਆਂ ਦਾ ਪੱਤਰ ਭੇਜਿਆ ਗਿਆ ਸੀ। ਇਸ ਵਿੱਚ ਸਾਰੇ ਰਾਜਾਂ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ‘ਸੇਵਾ ਪਖਵਾੜਾ’ ਵਜੋਂ ਮਨਾਉਣ ਲਈ ਕਿਹਾ ਗਿਆ ਹੈ। ਇਸ ਤਹਿਤ ਖੂਨਦਾਨ, ਸਿਹਤ ਜਾਂਚ ਕੈਂਪ ਲਗਾਉਣ ਦੀ ਗੱਲ ਕਹੀ ਗਈ ਹੈ।

ਪਾਰਟੀ ਵੱਲੋਂ ਇਸ ਦਿਨ ਕੋਈ ਕੇਕ ਨਾ ਕੱਟਣ ਅਤੇ ਹਵਨ ਆਦਿ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪਰ ਇਸ ਸਭ ਤੋਂ ਇਲਾਵਾ ਤਾਮਿਲਨਾਡੂ ਬੀਜੇਪੀ ਪੀਐਮ ਮੋਦੀ ਦਾ ਜਨਮਦਿਨ ਵਿਲੱਖਣ ਯੋਜਨਾਵਾਂ ਨਾਲ ਮਨਾਉਣ ਜਾ ਰਹੀ ਹੈ। ਰਾਜ ਮੰਤਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ 720 ਕਿਲੋ ਮੱਛੀ ਦੇਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਹਲਕੇ ਨੂੰ ਚੁਣਿਆ ਗਿਆ ਹੈ।