ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਦੀ ਇੱਕ ਟਿਪਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । 25 ਨਵੰਬਰ ਨੂੰ ਮਨਾਏ ਜਾਂਦੇ ‘ਮਹਿਲਾਵਾਂ ਖ਼ਿਲਾਫ਼ ਹਿੰਸਾ ਦਾ ਖਾਤਮਾ’ ਦਿਵਸ ਦੇ ਨਾਲ ਸਬੰਧਤ ਇੱਕ ਸਮਾਗਮ ਵਿੱਚ ਉਹਨਾਂ ਕਿਹਾ ਹੈ ਕਿ ਹਰ 11 ਮਿੰਟ ਅੰਦਰ ਇੱਕ ਮਹਿਲਾ ਜਾਂ ਲੜਕੀ ਆਪਣੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਮਾਰ ਦਿੱਤੀ ਜਾਂਦੀ ਹੈ।
ਉਨ੍ਹਾਂ ਮਹਿਲਾਵਾਂ ਖ਼ਿਲਾਫ਼ ਹਿੰਸਾ ਨੂੰ ਦੁਨੀਆ ਵਿੱਚ ‘ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ’ ਦੱਸਿਆ ਹੈ ਤੇ ਸਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਅਲਾਮਤ ਨਾਲ ਨਜਿੱਠਣ ਲਈ ਕੌਮੀ ਐਕਸ਼ਨ ਪਲਾਨ ਲਾਗੂ ਕੀਤਾ ਜਾਵੇ ਤੇ ਹੋਰ ਵੀ ਕੋਸ਼ਿਸ਼ਾਂ ਕੀਤੀਆਂ ਜਾਣ ਇਸ ਅਣਮਨੁਖੀ ਵਰਤਾਰੇ ਨੂੰ ਰੋਕਣ ਦੀਆਂ।
ਗੁਟੇਰੇਜ਼ 25 ਨਵੰਬਰ ਨੂੰ ਮਨਾਏ ਜਾਣ ਵਾਲੇ ‘ਮਹਿਲਾਵਾਂ ਖ਼ਿਲਾਫ਼ ਹਿੰਸਾ ਦਾ ਖਾਤਮਾ’ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗੁਟੇਰੇਜ਼ ਨੇ ਕਿਹਾ, ‘ਦੁਨੀਆ ’ਚ ਮਹਿਲਾਵਾਂ ਤੇ ਲੜਕੀਆਂ ਖ਼ਿਲਾਫ਼ ਹਿੰਸਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਹਰ 11 ਮਿੰਟ ’ਚ ਇੱਕ ਮਹਿਲਾ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਤੋਂ ਲੈ ਕੇ ਆਰਥਿਕ ਉਥਲ-ਪੁਥਲ ਤੱਕ ਹੋਰ ਪ੍ਰੇਸ਼ਾਨੀਆਂ ਕਾਰਨ ਵੀ ਸਰੀਰਕ ਤੇ ਜ਼ੁਬਾਨੀ ਦੁਰਵਿਹਾਰ ’ਚ ਵਾਧਾ ਹੋਇਆ ਹੈ।’
ਗੁਟੇਰੇਜ਼ ਦੀਆਂ ਟਿੱਪਣੀਆਂ ਹਾਲ ਹੀ ’ਚ ਭਾਰਤ ਵਿੱਚ ਸ਼ਰਧਾ ਵਾਲਕਰ ਦੀ ਹੱਤਿਆ ਮਾਮਲੇ ਦੀ ਪਿੱਠਭੂਮੀ ’ਚ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੇਕਰ ਦੇਖਿਆ ਜਾਵੇ ਤਾਂ ਭਾਰਤ ਵਿੱਚ ਮਹਿਲਾਵਾਂ ਨਾਲ ਦੁਰਵਿਵਹਾਰ ਦੀ ਦਰ ਕਾਫੀ ਉੱਚੀ ਹੈ ਤੇ ਔਰਤਾਂ ਦੇ ਖਿਲਾਫ਼ ਜ਼ੁਰਮ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ,ਖਾਸ ਤੌਰ ਤੇ ਬਲਾਤਕਾਰ ਤੇ ਵਿਆਹ ਦੇ ਮਗਰੋਂ ਦਾਜ ਦੀ ਖਾਤਰ ਹੁੰਦੇ ਦੁਰਵਿਵਹਾਰ ਵਿੱਚ।ਸੋ ਗੁਟੇਰਸ ਦੀ ਇਹ ਟਿਪਣੀ ਭਾਰਤ ਦੇ ਮਾਮਲੇ ਚ ਕਾਫੀ ਢੁੱਕਦੀ ਹੈ।