ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜਰ ਹੈ, ਉੱਥੇ ਹੀ ਇੱਕ ਵੱਖਰੇ ਮਾਮਲੇ ਨੇ ਸਭ ਦੇ ਚਿਹਰਿਆਂ ਉੱਤੇ ਮੁਸਕਾਨ ਲਿਆ ਦਿੱਤੀ ਹੈ। ਦਰਅਸਲ ਸੂਬੇ ਵਿੱਚ 7 ਜੁਲਾਈ ਤੋਂ 11 ਜੁਲਾਈ ਤੱਕ ਭਾਰੀ ਮੀਂਹ ਪਿਆ। ਇਸ ਕਾਰਨ ਹੁਣ ਤੱਕ 800 ਤੋਂ ਵੱਧ ਸੜਕਾਂ ਅਤੇ ਤਿੰਨ ਨੈਸ਼ਨਲ ਹਾਈਵੇਅ ਬੰਦ ਹਨ। ਭਾਰੀ ਮੀਂਹ ਅਤੇ ਹੜ੍ਹਾਂ ਦੇ ਪ੍ਰੇਸ਼ਾਨਕੁਨ ਮਾਹੌਲ ਦੌਰਾਨ ਹਿਮਾਚਲ ਵਿੱਚ ਨਵੇਂ ਤਰੀਕੇ ਨਾਲ ਹੋਇਆ ਪਹਿਲਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨੇ ਲੋਕਾਂ ਨੂੰ ਦੁੱਖ ਦੀ ਘੜੀ ਵਿੱਚ ਵੀ ਸੁਖਦ ਅਹਿਸਾਸ ਕਰਵਾਉਣ ਅਤੇ ਦਿਲਾਸਾ ਦੇਣ ਦਾ ਕੰਮ ਕੀਤਾ ਹੈ।
ਕੀ ਹੈ ਸਾਰਾ ਮਾਮਲਾ
ਸ਼ਿਮਲਾ ਤੋਂ 90 ਕਿੱਲੋਮੀਟਰ ਦੂਰ ਨਰਕੰਡਾ ਤੋਂ ਅੱਗੇ ਕੋਟਗੜ੍ਹ ਦੇ ਪਿੰਡ ਮਗਸੂ ਦੇ ਰਹਿਣ ਵਾਲੇ ਨੌਜਵਾਨ ਅਸ਼ੀਸ਼ ਸਿੰਘਾ ਦਾ ਵਿਆਹ ਕੁੱਲੂ ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਸ਼ਿਵਾਨੀ ਨਾਲ ਹੋਣਾ ਸੀ। ਲਾੜੇ ਦੀ ਬਾਰਾਤ ਨੇ ਸੋਮਵਾਰ ਨੂੰ ਕੋਟਗੜ੍ਹ ਤੋਂ ਕੁੱਲੂ ਤੱਕ ਜਾਣਾ ਸੀ। ਪਰ ਸੂਬੇ ਦੇ ਸ਼ਿਮਲਾ, ਮਨਾਲੀ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਸੜਕਾਂ ਬੰਦ ਸਨ। ਅਜਿਹੇ ‘ਚ ਲਾੜਾ ਆਪਣੀ ਲਾੜੀ ਕੋਲ ਨਹੀਂ ਪਹੁੰਚ ਸਕਿਆ। ਅਜਿਹੇ ਮਾਹੌਲ ਵਿੱਚ ਆਮ ਤੌਰ ਉੱਤੇ ਵਿਆਹ ਅੱਗੇ ਪੈ ਜਾਂਦਾ ਹੈ ਜਾਂ ਫਿਰ ਕਈ ਖ਼ਤਰਾ ਮੁੱਲ ਲੈ ਲੈਂਦੇ ਹਨ। ਪਰ ਇਸ ਮਾਮਲੇ ਵਿੱਚ ਲਾੜੇ ਨੇ ਅਨੋਖਾ ਫ਼ੈਸਲਾ ਲਿਆ, ਜਿਹੜਾ ਸਾਰੇ ਦੇਸ਼ ਵਿੱਚ ਹੀ ਵਾਇਰਲ ਹੋ ਗਿਆ।
ਦਰਅਸਲ ਲਾੜੇ ਨੇ ਦੋਹਾਂ ਵਿੱਚੋਂ ਕੋਈ ਕੰਮ ਨਾ ਕਰਦਿਆਂ ਘਰ ਬੈਠੇ ਹੀ ਲਾੜੀ ਨਾਲ ਆਨਲਾਈਨ ਵਿਆਹ ਕਰਨ ਦਾ ਫ਼ੈਸਲਾ ਕੀਤਾ। ਕੁੱਲੂ ਦੇ ਭੁੰਤਰ ਦੇ ਸੇਸ ਪਿੰਡ ਦੀ ਲਾੜੀ ਸ਼ਿਵਾਨੀ ਨਾਲ ਲਾੜੇ ਆਸ਼ੀਸ਼ ਨੇ ਆਨਲਾਈਨ ਸੱਤ ਫੇਰੇ ਲਏ। ਇੰਨਾ ਹੀ ਨਹੀਂ ਵਿਆਹ ਦੀਆਂ ਸਾਰੀਆਂ ਰਸਮਾਂ ਵੀ ਆਨਲਾਈਨ ਹੀ ਨਿਭਾਈਆਂ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਆਨਲਾਈਨ ਵਿਆਹ ਹੋਇਆ ਹੈ ਅਤੇ ਲਾੜਾ-ਲਾੜੀ ਆਪਣੇ-ਆਪਣੇ ਘਰ ਮੌਜੂਦ ਸਨ। ਥਿਓਗ ਦੇ ਸਾਬਕਾ ਵਿਧਾਇਕ ਰਾਕੇਸ਼ ਸਿੰਘਾ ਵੀ ਇਸ ਵਿਲੱਖਣ ਪਲ ਦੇ ਗਵਾਹ ਸਨ। ਉਨ੍ਹਾਂ ਨੇ ਦੱਸਿਆ ਕਿ ਬਾਰਾਤ ਵਿੱਚ 30 ਲੋਕਾਂ ਨੇ ਜਾਣਾ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਇਹ ਨਾ ਜਾ ਸਕੀ ਪਰ ਮੁੰਡੇ ਦੀ ਵੱਖਰੀ ਸੋਚ ਨੇ ਵਿਆਹ ਨੂੰ ਸਫਲ ਕਰ ਦਿਖਾਇਆ।
ਜ਼ਿਕਰਯੋਗ ਹੈ ਕਿ ਹਿਮਾਚਲ ਦੇ ਸਿਰਮੌਰ ‘ਚ ਵੀ ਲਾੜੇ ਨੂੰ ਪੈਦਲ ਨਦੀ ਪਾਰ ਕਰਕੇ ਬਾਰਾਤ ਦੇ ਨਾਲ ਲਾੜੀ ਦੇ ਘਰ ਪਹੁੰਚਣਾ ਪਿਆ। ਇਸ ਦੇ ਨਾਲ ਹੀ ਚੰਬਾ ‘ਚ ਵੀ ਜੇਸੀਬੀ ਦੀ ਮਦਦ ਨਾਲ ਲਾੜਾ ਵਿਆਹ ਦੇ ਪੰਡਾਲ ‘ਚ ਪਹੁੰਚਿਆ ਸੀ।