International

ਕੋਰੋਨਾ ਨੂੰ ਲੈ ਕੇ ਹੰਗਰੀ ਦੇ ਪ੍ਰਧਾਨ ਮੰਤਰੀ ਦਾ ਵੱਡਾ ਫੈਸਲਾ, 1 ਸਤੰਬਰ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਪਾਬੰਦੀ ਲਾਉਣ ਦੇ ਦਿੱਤੇ ਆਦੇਸ਼

‘ਦ ਖ਼ਾਲਸ ਬਿਊਰੋ :- ਯੂਰਪ ਦੇ ਦੇਸ਼ ਹੰਗਰੀ ‘ਚ ਕੋਰੋੋਨਾਵਾਇਰਸ ਮਹਾਂਮਾਰੀ ਦੀ ਹਵਾ ਨੂੰ ਰੋਕਣ ਲਈ ਵੱਡਾ ਫੈਸਲਾ ਲਿਆ ਗਿਆ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਉਹ 1 ਸਤੰਬਰ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰਨ ਜਾ ਰਿਹਾ ਹੈ।

ਪ੍ਰਧਾਨਮੰਤਰੀ ਦੇ ਚੀਫ ਆਫ਼ ਸਟਾਫ ਗਰਗੇਲੀ ਗਾਲੀਆਜ਼ ਨੇ ਦੱਸਿਆ ਕਿ, “ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ ਜੋ ਵੀ ਕੇਸ ਦਰਜ ਕੀਤੇ ਜਾ ਰਹੇ ਹਨ, ਉਹ ਵਿਦੇਸ਼ਾਂ ਦੇ ਲੋਕਾਂ ਨਾਲ ਸਬੰਧਤ ਹਨ।” ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਵੱਧ ਰਹੇ ਅੰਕੜਿਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ, “ਹੰਗਰੀ ਹੁਣ ਤੱਕ ਗਰੀਨਜ਼ੋਨ ਵਿੱਚ ਹੈ, ਜਿਸ ਵਜੋਂ ਇੱਥੇ ਸੰਕਰਮਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ।

ਗਲੀਜ਼ ਨੇ ਕਿਹਾ, “ਜਿਹੜੇ ਨਾਗਰਿਕ ਵਿਦੇਸ਼ ਤੋਂ ਵਾਪਸ ਆ ਰਹੇ ਹਨ, ਉਨ੍ਹਾਂ ਨੂੰ ਇਸ ਸ਼ਰਤ ‘ਤੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿ ਉਨ੍ਹਾਂ  ਨੂੰ ਕੋਰੋਨਾ ਨੈਗੇਟਿਵ ਦੇ ਦੋ ਟੈਸਟਾਂ ਦੇ ਨਤੀਜੇ ਪੇਸ਼ ਕਰਨੇ ਪੈਣਗੇ ਤੇ 14 ਦਿਨਾਂ ਲਈ ਕੁਆਰੰਟੀਨ ‘ਤੇ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਇੱਕ ਮਹੀਨੇ ਲਈ ਬੰਦ ਰੱਖਿਆ ਜਾਵੇਗਾ, ਅਤੇ ਸਰਕਾਰ ਬਾਅਦ ਵਿੱਚ ਹੋਰ ਪਾਬੰਦੀਆਂ ਦਾ ਐਲਾਨ ਕਰੇਗੀ।

ਹੰਗਰੀ ਦੂਜੇ ਯੂਰਪੀਅਨ ਦੇਸ਼ਾਂ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਹੈ ਅਤੇ ਹੁਣ ਤੱਕ ਇੱਥੇ ਕੋਰੋਨਾ ਦੀ ਲਾਗ ਦੇ 5,500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 600 ਵਾਇਰਸ ਇਸ ਵਾਇਰਸ ਕਾਰਨ ਹੋਈਆਂ ਹਨ।