ਪੰਜਾਬ ’ਚ ਨੌਤਪਾ ਦੇ ਤੀਜੇ ਦਿਨ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਕੱਲ੍ਹ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ, 21 ਮਈ 1978 ਦੇ ਤਾਪਮਾਨ ਨਾਲੋਂ 0.7 ਡਿਗਰੀ ਵੱਧ ਹੈ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਪੰਜਾਬ ਵਿੱਚ ਦੋ ਦਿਨ ਹੋਰ ਨੌਤਪਾ ਦਾ ਅਸਰ ਦੇਖਣ ਨੂੰ ਮਿਲੇਗਾ। ਅਜਿਹੀ ਗਰਮੀ ਤੋਂ ਸਰੀਰ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।
ਆਮਤੌਰ ’ਤੇ ਗਰਮੀ ਤੋਂ ਬਚਣ ਲਈ ਲੋਕ ਮੂੰਹ ਨੂੰ ਰੁਮਾਲ ਜਾਂ ਸਕਾਰਫ਼ ਨਾਲ ਢੱਕ ਲੈਂਦੇ ਹਨ। ਅੱਖਾਂ ਦੀ ਸੁਰੱਖਿਆ ਲਈ ਐਨਕਾਂ ਲਾ ਲੈਂਦੇ ਹਨ, ਲੂ ਤੋਂ ਬਚਣ ਲਈ ਸਨਸਕ੍ਰੀਨ ਲਗਾਉਣਾ ਆਦਿ ਉਪਰਾਲੇ ਕਰਦੇ ਹਨ, ਪਰ ਸਰੀਰ ਵਿੱਚ ਠੰਢਕ ਬਣਾਈ ਰੱਖਣ ਲਈ ਵੀ ਯਤਨ ਕਰਨੇ ਚਾਹੀਦੇ ਹਨ। ਅਜਿਹੇ ਵਿੱਚ ਬਹੁਤ ਸਾਰੇ ਮੌਸਮੀ ਫ਼ਲ ਤੇ ਸਬਜ਼ੀਆਂ ਹਨ, ਜੋ ਇਸ ਮੌਸਮ ਵਿੱਚ ਗਰਮੀ ਤੋਂ ਆਸਾਨੀ ਨਾਲ ਰਾਹਤ ਦਿਵਾ ਸਕਦੀਆਂ ਹਨ।
ਸੋ ਅੱਜ ਇਸ ਖ਼ਾਸ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਗਰਮੀ ਦੇ ਇਸ ਮੌਸਮ ਵਿੱਚ ਤੁਸੀਂ ਕਿਹੜੇ-ਕਿਹੜੇ ਫਲ਼ ਤੇ ਸਬਜ਼ੀਆਂ ਖਾ ਸਕਦੇ ਹੋ ਜਿਨ੍ਹਾਂ ਦੀ ਤਾਸੀਰ ਠੰਢੀ ਹੁੰਦੀ ਹੈ ਤੇ ਜੋ ਸਰੀਰ ਨੂੰ ਠੰਢਾ ਰੱਖਦੇ ਹਨ। ਇਹ ਵੀ ਜਾਣਾਂਗੇ ਕਿ ਗਰਮੀ ਤੋਂ ਬਚਣ ਲਈ ਤੁਸੀਂ ਆਪਣੀ ਖ਼ੁਰਾਕ ਵਿੱਚ ਹੋਰ ਕੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਨੂੰ ਖਾਣ ਦਾ ਸਹੀ ਸਮਾਂ ਤੇ ਫਾਇਦੇ ਕੀ ਹਨ?
ਸ਼ਾਮ 5 ਵਜੇ ਤਕ ਤਾਜ਼ੇ ਫਲ਼
ਦਰਅਸਲ ਗਰਮੀਆਂ ਦੇ ਫ਼ਲ ਅਤੇ ਸਬਜ਼ੀਆਂ ਵਿੱਚ ਖਣਿਜ ਪਦਾਰਥ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਗਰਮੀਆਂ ਵਿੱਚ ਸਾਡੇ ਸਰੀਰ ਵਿੱਚ ਨਮਕ ਅਤੇ ਖਣਿਜਾਂ ਦੀ ਮਾਤਰਾ ਘੱਟ ਜਾਂਦੀ ਹੈ। ਅਜਿਹੇ ਵਿੱਚ ਇਹ ਫ਼ਲ ਤੇ ਸਬਜ਼ੀਆਂ ਇਨ੍ਹਾਂ ਦੀ ਮਾਤਰਾ ਠੀਕ ਕਰਨ ’ਚ ਮਦਦ ਕਰਦੀਆਂ ਹਨ।
ਕਈ ਫ਼ਲਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਭੋਪਾਲ ਦੀ ਪੋਸ਼ਣ ਵਿਗਿਆਨੀ (Nutritionist) ਡਾ: ਅੰਜੂ ਵਿਸ਼ਵਕਰਮਾ ਦਾ ਕਹਿਣਾ ਹੈ ਕਿ ਫ਼ਲ ਖਾਣ ਦਾ ਸਭ ਤੋਂ ਵਧੀਆ ਸਮਾਂ ਦਿਨ ਦੇ ਸਮੇਂ ਜਾਂ ਸ਼ਾਮ ਦੇ 5 ਵਜੇ ਤੱਕ ਹੁੰਦਾ ਹੈ।
ਨੌਤਪਾ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਖਾਓ ਇਹ ਫਲ਼ ਤੇ ਸਬਜ਼ੀਆਂ –
- ਕੱਚਾ ਅੰਬ ਜਾਂ ਕੈਰੀ
- ਸੇਬ ਜਾਂ ਕੇਲਾ
- ਤਰਬੂਜ਼ ਤੇ ਖਰਬੂਜਾ
- ਸੰਤਰਾ ਤੇ ਬੇਰੀਜ਼
- ਖੀਰਾ
- ਕੱਦੂ ਤੇ ਤੋਰੀ
- ਨਿੰਬੂ
- ਕੀਵੀ ਤੇ ਐਵਾਕਾਡੋ
- ਨਾਰੀਅਲ
ਅੰਬ ਹੈ ਗਰਮੀ ਦਾ ਇਲਾਜ, ਗਰਮੀ ਤੋਂ ਬਚਾਉਣ ਲਈ ਖਾਓ ਅੰਬ ਤੇ ਪੀਓ ਅੰਬ ਪੰਨਾ
ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਲੋਕਾਂ ਦਾ ਪਸੰਦੀਦਾ ਫਲ਼ ਵੀ ਹੈ। ਇਹ ਖਾਣ ’ਚ ਬਹੁਤ ਹੀ ਮਿੱਠਾ ਤੇ ਸੁਆਦ ਹੁੰਦਾ ਹੈ। ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਗਰਮੀਆਂ ਵਿੱਚ ਇਸ ਦੇ ਸਰੀਰ ਨੂੰ ਭਰਪੂਰ ਫਾਇਦੇ ਹਨ-
- ਅੰਬ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ। ਇਹ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ ਤੇ ਸਾਡੇ ਸਰੀਰ ਵਿੱਚ ਖ਼ੂਨ ਦੇ ਚਿੱਟੇ ਸੈੱਲ (White Blood Cells) ਪੈਦਾ ਕਰਨ ਵਿੱਚ ਮਦਦ ਕਰਦਾ ਹੈ।
- ਕੱਚਾ ਅੰਬ, ਜਿਸ ਨੂੰ ਕੈਰੀ ਵੀ ਕਿਹਾ ਜਾਂਦਾ ਹੈ, ਇਸ ਤੋਂ ਬਣਨ ਵਾਲਾ ਪੰਨਾ ਸਾਨੂੰ ਗਰਮੀਆਂ ਵਿੱਚ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ। ਇਹ ਗਰਮੀਆਂ ਦਾ ਸਭ ਤੋਂ ਵਧੀਆ ਡਰਿੰਕ ਹੈ।
- ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।
- ਅੰਬ ਦਾ ਸ਼ੇਕ ਤੇਜ਼ ਧੁੱਪ ਅਤੇ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਤੇ ਤੁਹਾਨੂੰ ਦਿਨ ਭਰ ਸਰੀਰ ਨੂੰ ਤਰੋਤਾਜ਼ਾ ਰੱਖਦਾ ਹੈ।
ਦਿਨ ਭਰ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਖੀਰਾ
- ਖੀਰਾ ਹਰ ਮੌਸਮ ਲਈ ਚੰਗਾ ਹੁੰਦਾ ਹੈ। ਅਸੀਂ ਸਾਰੇ ਇਸ ਨੂੰ ਸਲਾਦ ਵਿੱਚ ਸਬਜ਼ੀ ਦੇ ਰੂਪ ਵਿੱਚ ਖਾਂਦੇ ਹਾਂ। ਹਾਲਾਂਕਿ, ਇਹ ਫੁੱਲਾਂ ਤੋਂ ਉੱਗਦਾ ਹੈ ਤੇ ਇਸ ਵਿੱਚ ਬੀਜ ਹੁੰਦੇ ਹਨ, ਇਸ ਲਈ ਬੋਟੈਨੀਕਲ ਤੌਰ ’ਤੇ ਖੀਰਾ ਇੱਕ ਫ਼ਲ ਹੈ। ਇਸ ਨੂੰ ਕੱਚਾ ਤੇ ਪਕਾ ਕੇ, ਦੋਵਾਂ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।
- ਖੀਰੇ ’ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਗਰਮੀਆਂ ’ਚ ਸਾਨੂੰ ਹਾਈਡ੍ਰੇਟ ਰੱਖਦਾ ਹੈ ਤੇ ਬਲੱਡ ਸ਼ੂਗਰ ਲੈਵਲ ਨੂੰ ਬਣਾਈ ਰੱਖਦਾ ਹੈ।
- ਇਹ ਪੋਟਾਸ਼ੀਅਮ, ਵਿਟਾਮਿਨ ਤੇ ਐਂਟੀਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ, ਜੋ ਸਾਡੇ ਸਰੀਰ ਵਿੱਚ ਖਣਿਜਾਂ ਦੀ ਕਮੀ ਨੂੰ ਦੂਰ ਕਰਦਾ ਹੈ।
- ਖੀਰੇ ਦਾ ਪਾਣੀ ਸਰੀਰ ਨੂੰ ਇਲੈਕਟ੍ਰੋਲਾਈਟਸ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਪ੍ਰਦਾਨ ਕਰਦਾ ਹੈ।
ਗਰਮੀਆਂ ਦੀਆਂ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਸੇਬ
- ਸੇਬ ਇੱਕ ਅਜਿਹਾ ਫਲ਼ ਹੈ ਜਿਸ ਨੂੰ ਹਰ ਮੌਸਮ ਵਿੱਚ ਖਾਧਾ ਜਾ ਸਕਦਾ ਹੈ ਅਤੇ ਇਹ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਇਹ ਬਹੁਤ ਹੀ ਫਾਇਦੇਮੰਦ ਫ਼ਲ ਹੈ।
- ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਗਰਮੀਆਂ ’ਚ ਦਿਲ ਨੂੰ ਸਿਹਤਮੰਦ ਰੱਖਦਾ ਹੈ।
- ਹਾਲਾਂਕਿ ਸੇਬ ਨੂੰ ਅਕਸਰ ਸਰਦੀਆਂ ਨਾਲ ਜੋੜਿਆ ਜਾਂਦਾ ਹੈ, ਪਰ ਇਹ ਗਰਮੀਆਂ ਵਿੱਚ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਇਸ ’ਚ ਮੌਜੂਦ ਗੁਣ, ਪੋਸ਼ਕ ਤੱਤ ਅਤੇ ਫਾਈਬਰ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।
- ਗਰਮੀਆਂ ਵਿੱਚ ਸੇਬ ਦਾ ਜੂਸ ਪੀਣ ਨਾਲ ਸਾਡੀ ਪਾਚਨ ਸ਼ਕਤੀ ਮਜ਼ਬੂਤ ਰਹਿੰਦੀ ਹੈ। ਡੀਹਾਈਡਰੇਸ਼ਨ ਵਿੱਚ ਵੀ ਇਸ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ।
- ਇਹ ਸਾਨੂੰ ਅਸਥਮਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ।
ਗਰਮੀਆਂ ’ਚ ਦਸਤ ਤੋਂ ਰਾਹਤ ਦਿੰਦਾ ਹੈ ਕੇਲਾ
- ਕੇਲੇ ਵਿੱਚ ਵਿਟਾਮਿਨ ਸੀ ਸਮੇਤ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਇਮਿਊਨਿਟੀ ਨੂੰ ਵਧਾਉਂਦੇ ਹਨ।
- ਗਰਮੀਆਂ ਵਿੱਚ ਡਾਈਟ ਵਿੱਚ ਕੇਲੇ ਨੂੰ ਸ਼ਾਮਿਲ ਕਰਨ ਨਾਲ ਕਬਜ਼ ਅਤੇ ਐਸੀਡਿਟੀ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਨਾਲ ਹੀ, ਇਹ ਦਸਤ ਵਿਚ ਸਭ ਤੋਂ ਲਾਭਕਾਰੀ ਫਲ ਹੈ।
- ਇਸ ਵਿੱਚ ਮੌਜੂਦ ਮੈਗਨੀਸ਼ੀਅਮ ਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।
- ਬਹੁਤ ਸਾਰੇ ਲੋਕ ਨਾਸ਼ਤੇ ਵਿੱਚ ਕੇਲੇ ਦਾ ਸ਼ੇਕ ਪੀਣਾ ਪਸੰਦ ਕਰਦੇ ਹਨ, ਜਿਸ ਨਾਲ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ।
- ਇਹ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਤੇ ਅਨੀਮੀਆ ਨੂੰ ਦੂਰ ਰੱਖਦਾ ਹੈ।
ਪੇਟ ਦੀ ਗਰਮੀ ਤੋਂ ਰਾਹਤ ਦਿੰਦਾ ਹੈ ਨਿੰਬੂ ਪਾਣੀ
- ਨਿੰਬੂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਨਿੰਬੂ ’ਚ ਮੌਜੂਦ ਸਿਟਰਿਕ ਐਸਿਡ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਵਧਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।
- ਗਰਮੀਆਂ ਵਿੱਚ ਪੇਟ ਵਿੱਚ ਬਦਹਜ਼ਮੀ, ਮਰੋੜ, ਸੋਜ ਅਤੇ ਦਰਦ ਨੂੰ ਦੂਰ ਕਰਨ ਵਿੱਚ ਨਿੰਬੂ ਪਾਣੀ ਮਦਦਗਾਰ ਹੁੰਦਾ ਹੈ।
- ਨਿੰਬੂ ਪਾਣੀ ਵਿੱਚ ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਹੁੰਦੇ ਹਨ। ਇਹ ਸਰੀਰ ਵਿੱਚ pH ਲੈਵਲ ਨੂੰ ਬਰਕਰਾਰ ਰੱਖਦੇ ਹੈ।
- ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਭਾਰ ਘਟਾਉਣ ਲਈ ਵੀ ਸਭ ਤੋਂ ਵੱਧ ਵਰਤਿਆ ਜਾਂਦਾ ਹੈ।
ਲੱਸੀ ਤੇ ਨਾਰੀਅਲ ਗਰਮੀਆਂ ਵਿੱਚ ਸਭ ਤੋਂ ਵੱਧ ਫਾਇਦੇਮੰਦ
ਮੌਸਮੀ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ, ਤੁਸੀਂ ਆਪਣੀ ਖ਼ੁਰਾਕ ਵਿੱਚ ਕਈ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਵਿੱਚ ਠੰਢੀ ਲੱਸੀ ਤੇ ਕੱਚੇ ਨਾਰੀਅਲ ਦਾ ਪਾਣੀ ਸਭ ਤੋਂ ਮੋਹਰੀ ਹੈ। ਇਸ ਤੋਂ ਇਲਾਵਾ ਤੁਸੀਂ ਕੱਚੇ ਅੰਬ ਦਾ ਜੂਸ, ਸ਼ਿਕੰਜਵੀਂ, ਸੱਤੂ ਦਾ ਸ਼ਰਬਤ, ਤੇ ਬੇਲ ਦਾ ਸ਼ਰਬਤ ਵੀ ਪੀ ਸਕਦੇ ਹੋ।