ਨਵੀਂ ਦਿੱਲੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ( Gangster Deepak Tinu re-arrested) ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਦੀਪਕ ਟੀਨੂ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੁਰਾਗ ਦੇ ਆਧਾਰ ‘ਤੇ ਕੀਤੀ ਕਾਰਵਾਈ ਵਿੱਚ ਟੀਨੂੰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗੈਂਗਸਟਰ ਦੀਪਕ ਟੀਨੂੰ ਨੂੰ ਪੂਰੇ 17 ਦਿਨਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
Correction | Sidhu Moose Wala murder case: Fugitive criminal Deepak* Tinu Haryana arrested from Ajmer, Rajasthan, by Special Cell. He had escaped from the custody of Punjab Police earlier.
— ANI (@ANI) October 19, 2022
2 ਅਕਤੂਬਰ ਨੂੰ ਦੀਪਕ ਟੀਨੂੰ ਪੁਲਿਸ ਦੀ ਟੀਮ ਵੱਲੋਂ ਪੰਜਾਬ ਦੀ ਮਾਨਸਾ ਜੇਲ੍ਹ ਤੋਂ ਲਿਜਾਂਦੇ ਸਮੇਂ ਫਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਦੀਪਕ ਟੀਨੂੰ ਨੂੰ ਇੱਕ ਹੋਰ ਮਾਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਮਾਮਲੇ ਵਿੱਚ ਤਫ਼ਤੀਸ਼ ਦੇ ਤਹਿਤ ਪੁਲਿਸ ਟੀਮ ਵੱਲੋਂ ਇੱਕ ਨਿੱਜੀ ਗੱਡੀ ਵਿੱਚ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ। ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਛੇ ਸ਼ਾਰਪ ਸ਼ੂਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਨੁਸਾਰ ਸ਼ੂਟਰ 25 ਮਈ ਨੂੰ ਮਾਨਸਾ ਪਹੁੰਚੇ ਸਨ ਅਤੇ ਚਾਰ ਦਿਨ ਬਾਅਦ ਹਮਲੇ ਨੂੰ ਅੰਜਾਮ ਦਿੱਤਾ ਸੀ।
ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਇੰਚਾਰਜ ਪ੍ਰਿਤਪਾਲ ਨੂੰ ਬਰਖਾਸਤ ਕਰ ਦਿੱਤਾ ਗਿਆ। ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ‘ਚ ਉਸ ਦੀ ਪ੍ਰੇਮਿਕਾ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਸਵੇਰੇ ਹੀ ਫਿਰੋਜ਼ਪੁਰ ਪੁਲਿਸ ਨੇ ਗੈਂਗਸਟਰ ਟੀਨੂੰ ਦੇ ਖਿਲਾਫ ਫਿਰੌਤੀ ਦੇ ਮਾਮਲੇ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਹੈ।