‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਮਹਾਂਮਾਰੀ ਦੌਰਾਨ ਭਾਰਤ ਅੰਦਰ ਪੂਰੀ ਤਰ੍ਹਾ ਬਿਗੜੇ ਹਾਲਾਤਾਂ ਉੱਪਰ ਜਿੱਥੇ ਵਿਦੇਸ਼ੀ ਮੀਡਿਆ ਨਜ਼ਰ ਰੱਖ ਰਿਹਾ ਹੈ, ਉੱਥੇ ਹੀ ਵਸ਼ਿੰਗਟਨ ਦੇ ਪ੍ਰਸਿੱਧ ਮਹਾਂਮਾਰੀ ਵਿਗਿਆਨੀ ਅਤੇ ਸਿਹਤ ਅਰਥ ਸ਼ਾਸਤਰੀ ਇਰਿੱਕ ਫੀਗਲ ਡਿੰਗ ਨੇ ਦਿੱਲ ਝੰਝੋੜ ਕੇ ਰੱਖ ਦੇਣ ਵਾਲਾ ਟਵੀਟ ਕੀਤਾ ਹੈ।
ਟਵੀਟ ਵਿੱਚ ਸਾਂਝੀ ਕੀਤੀ ਵੀਡਿਓ ਵਿੱਚ ਕਰੀਬ 50 ਸਾਲ ਦੀ ਇੱਕ ਔਰਤ ਦੀ ਮ੍ਰਿਤਕ ਦੇਹ ਨੂੰ ਉਸਦੇ ਜਵਾਈ ਅਤੇ ਬੇਟੇ ਵੱਲੋਂ ਮੋਟਰਸਾਇਕਲ ‘ਤੇ ਲੈ ਕੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਐਂਬੂਲੈਂਸ ਨਹੀਂ ਮਿਲੀ। ਇਸ ਲਈ ਉਨ੍ਹਾਂ ਨੂੰ ਇਸ ਹਾਲ ਵਿੱਚ ਲੈ ਕੇ ਜਾਣਾ ਪੈ ਰਿਹਾ। ਇਹ ਘਟਨਾ ਸ਼੍ਰੀਕਾਕੂਲਮ ਜ਼ਿਲੇ ਦੇ ਕਾਸਿਬੂਗਗਾ ਕਸਬੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਿਮਾਰੀ ਦੀ ਸ਼ਿਕਾਇਤ ਤੋਂ ਬਾਅਦ ਇਸ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਪਲਾਸਾ ਨੇੜੇ ਕਾਸੀਬੂੱਗਾ ਕਸਬੇ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਸੀ।
ਇਸ ਔਰਤ ਦੀ ਜਾਂਚ ਕਰਨ ‘ਤੇ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ ਕੋਰੋਨਾ ਪਾਜੇਟਿਵ ਇਸ ਔਰਤ ਦਾ ਆਕਸੀਜਨ ਦਾ ਪੱਧਰ ਘੱਟ ਹੈ ਅਤੇ ਉਸਦੀ ਸੀਟੀ ਸਕੈਨ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਸੀਟੀ ਸਕੈਨ ਕਰਵਾਉਣ ਤੋਂ ਬਾਅਦ ਹਸਪਤਾਲ ਪਰਤਦਿਆਂ ਔਰਤ ਦੀ ਜਾਨ ਚਲੀ ਗਈ। ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਪਰਿਵਾਰ ਇਸ ਔਰਤ ਦੀ ਜਾਨ ਬਚਾਉਣ ਵਿੱਚ ਅਸਫਲ ਰਿਹਾ ਤੇ ਮਜਬੂਰੀ ਵੱਸ 15 ਕਿਲੋਮੀਟਰ ਦੂਰ ਮੋਟਰਸਾਇਕਲ ‘ਤੇ ਆਪਣੇ ਪਿੰਡ ਲੈ ਕੇ ਜਾਣਾ ਪਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਇਸ ਤਰ੍ਹਾਂ ਔਰਤ ਦੀ ਮ੍ਰਿਤਕ ਦੇਹ ਲੈ ਕੇ ਜਾਣ ‘ਤੇ ਰਾਹ ਵਿੱਚ ਪੁਲਿਸ ਵਾਲਿਆਂ ਵੱਲੋਂ ਰੋਕਿਆ ਗਿਆ ਪੂਰੀ ਪੁੱਛ ਪੜਤਾਲ ਕੀਤੀ ਗਈ।