Punjab

ਰਿਸ਼ਵਤ ਲੈਣ ਵਾਲੀ ਇੱਕ ਹੋਰ ਅਫ਼ਸਰ ਹੋਈ ਗ੍ਰਿਫਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਤਹਿਤ ਸਥਾਨਕ ਸਰਕਾਰਾਂ ਵਿਭਾਗ ਦੀ ਇੱਕ ਉੱਚ ਮਹਿਲਾ ਅਫ਼ਸਰ ਵਿਜੀਲੈਂਸ ਦੀ ਕੁੜਿੱਕੀ ਵਿੱਚ ਫਸ ਗਈ ਹੈ। ਵਿਜੀਲੈਂਸ ਬਿਊਰੋ ਨੇ ਲੁਧਿਆਣਾ ਇਮਪਰੂਵਮੈਂਟ ਟਰੱਸਟ ਦੀ ਮਹਿਲਾ ਅਧਿਕਾਰੀ ਸਣੇ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਇੱਕ ਮੁਲਾਜ਼ਮ ਮੌਕੇ ਉੱਤੇ ਭੱਜਣ ਵਿੱਚ ਸਫ਼ਲ ਹੋ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਸਿਹਤ ਵਿਭਾਗ ਦੀ ਇੱਕ ਡਰੱਗ ਇਸੰਪੈਕਟਰ ਨੂੰ ਵੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੁੜਿੱਕੀ ਵਿੱਚ ਫਸਾ ਲਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਅੱਜ ਲੁਧਿਆਣਾ ਇਮਪਰੂਵਮੈਂਟ ਟਰੱਸਟ ਵਿੱਚ ਛਾਪੇਮਾਰੀ ਕਰਕੇ ਕਾਰਜਸਾਧਕ ਅਫ਼ਸਰ ਕੁਲਜੀਤ ਕੌਰ ਸਮੇਤ ਇੱਕ ਹੋਰ ਜੂਨੀਅਰ ਸਹਾਇਕ ਹਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਪ੍ਰਵੀਨ ਕੁਮਾਰ ਨਾਂ ਦਾ ਕਲਰਕ ਮੌਕੇ ਉੱਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਵਿਜੀਲੈਂਸ ਨੇ ਇੱਕ ਸ਼ਿਕਾਇਤ ਦੇ ਆਧਾਰ ਉੱਤੇ ਲੁਧਿਆਣਾ ਇਮਪਰੂਵਮੈਂਟ ਟਰੱਸਟ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਸੀ।

ਪਤਾ ਲੱਗਾ ਹੈ ਕਿ ਕਾਰਜਸਾਧਕ ਅਫ਼ਸਰ ਕੁਲਜੀਤ ਕੌਰ ਅਤੇ ਕੁੱਝ ਹੋਰਨਾਂ ਖ਼ਿਲਾਫ਼ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਆਧਾਰ ਉੱਤੇ ਅੱਜ ਵਿਜੀਲੈਂਸ ਨੇ ਅਚਨਚੇਤ ਟਰੱਸਟ ਦੇ ਦਫ਼ਤਰ ਵਿੱਚ ਛਾਪਾ ਮਾਰ ਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ਹਿਰ ਦੇ ਇੱਕ ਵਿਅਕਤੀ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਹੈਲਪਲਾਈਨ ‘ਤੇ ਇਸ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ ਨਗਰ ਸੁਧਾਰ ਟਰੱਸਟ ਦਾ ਸਹਾਇਕ ਹਰਮੀਤ ਸਿੰਘ ਸ਼ਿਕਾਇਤਕਰਤਾ ਤੋਂ ਈਓ ਦੇ ਨਾਮ ‘ਤੇ ਪੈਸੇ ਮੰਗ ਰਿਹਾ ਸੀ। ਪਿਛਲੇ 15 ਦਿਨਾਂ ਤੋਂ ਕੁਲਜੀਤ ਕੌਰ ਡਿਊਟੀ ‘ਤੇ ਨਹੀਂ ਆ ਰਹੀ ਸੀ ਅਤੇ ਅੱਜ ਸਵੇਰੇ ਹੀ ਡਿਊਟੀ ‘ਤੇ ਆਈ ਸੀ ਕਿ ਵਿਜੀਲੈਂਸ ਨੇ ਉਸ ਨੂੰ ਕਾਬੂ ਕਰ ਲਿਆ।

ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਹੁਣ ਤੱਕ ਕਰੀਬ 45 ਸਰਕਾਰੀ ਅਧਿਕਾਰੀ, ਕਰਮਚਾਰੀ ਅਤੇ ਹੋਰ ਰਿਸ਼ਵਤ ਲੈਂਦੇ ਫੜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਵੱਡੇ ਅਧਿਕਾਰੀ ਵੀ ਸ਼ਾਮਿਲ ਹਨ।