ਬਿਊਰੋ ਰਿਪੋਰਟ (ਮੁਹਾਲੀ, 5 ਦਸੰਬਰ 2025): ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਕੋਲ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ ਤੇ ਵਾਤਾਵਰਣ ਪ੍ਰੇਮੀ ਬਾਪੂ ਲਾਭ ਸਿੰਘ ਨੇ ਫਿਨਿਕਸ ਮਾਲ ਦੇ ਗੇਟ ਸਾਹਮਣੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਆਰੰਭ ਕਰ ਦਿੱਤੀ ਹੈ ਤੇ ਮਾਲ ਦੇ ਮਾਲਕਾਂ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਦਾ ਵਿਗੁਲ ਵਜਾ ਦਿੱਤਾ ਹੈ। ਇਸ ਮੌਕੇ ਬਾਬਾ ਜੀ ਦੇ ਸਾਥੀਆਂ ਤੋਂ ਇਲਾਵਾ ਮੋਰਚੇ ਦੇ ਆਗੂਆਂ ਨੇ ਵੀ ਬਾਬਾ ਜੀ ਵੱਲੋਂ ਲਗਾਏ ਇਸ ਰੋਸ ਪ੍ਰਦਰਸ਼ਨ ਦਾ ਸਹਿਯੋਗ ਕੀਤਾ ਤੇ ਇਤਿਹਾਸਿਕ ਅੰਬਾਂ ਦੀ ਹੋ ਰਹੀ ਕਟਾਈ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਬੇਜਾਨ ਮਾਲ ਬਣਾਉਣ ਲਈ 100 ਸਾਲਾਂ ਦੇ ਜਾਨਦਾਰ ਤੇ ਫਲਦਾਰ ਦਰੱਖਤਾਂ ਨੂੰ ਬੇਰਹਿਮੀ ਨਾਲ ਵੱਢਿਆ ਜਾ ਰਿਹਾ ਹੈ।
ਇਸ ਮੌਕੇ ਇਸ ਧਰਨੇ ਦੀ ਅਗਵਾਈ ਕਰ ਰਹੇ ਬਾਬਾ ਲਾਭ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ ਅਸੀਂ ਆਪਣੇ ਪ੍ਰਾਣ ਤੱਕ ਨਿਸ਼ਾਵਰ ਕਰ ਸਕਦੇ ਹਾਂ। ਇਹ ਭੁੱਖ ਹੜਤਾਲ ਅਨਮਿਥੇ ਸਮੇਂ ਲਈ ਤੇ ਦਰਖਤ ਕੱਟਣ ਤੇ ਕਟਾਉਣ ਵਾਲਿਆਂ ਤੇ ਕਾਰਵਾਈ ਕਰਨ ਤੱਕ ਚੱਲੇਗੀ। ਵਾਤਾਵਰਨ ਪ੍ਰੇਮੀਆਂ ਨੂੰ ਅੱਗੇ ਆ ਕੇ ਇਸ ਅੰਬਾਂ ਦੇ ਦਰਖਤਾਂ ਦੀ ਹੋ ਰਹੀ ਬੇਰਹਿਮੀ ਨਾਲ ਕਟਾਈ ਨੂੰ ਰੁਕਵਾਉਣ ਲਈ ਸਾਥ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਜਥੇਦਾਰ ਬਾਬਾ ਹਰੀ ਸਿੰਘ ਖਾਲਸਾ ਨੇ ਕਿਹਾ ਕਿ ਇਹਨਾਂ ਇਤਿਹਾਸਿਕ ਅੰਬਾਂ ਨੂੰ ਕੱਟਣ ਵਾਲੇ ਵੀ ਕਸੂਰਵਾਰ ਹਨ ਤੇ ਇਸ ਗੁ: ਸਾਹਿਬ ਦੇ ਨੇੜੇ ਦੀ ਜਗ੍ਹਾ ਨੂੰ ਵੇਚਣ ਵਾਲੇ ਵੀ ਕਸੂਰਵਾਰ ਹਨ। ਉਹਨਾਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 85 ਸਾਲਾਂ ਗੁਰੂ ਕੇ ਸਿੰਘ ਦੇ ਨਾਲ ਖੜੇ ਹੋਵੋ ਤੇ ਇਸ ਜਾਲਮ ਸਰਕਾਰਾਂ ਨੂੰ ਸਬਕ ਸਿਖਾਓ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਇਤਿਹਾਸਿਕ ਬਾਗ ਨੂੰ ਬਚਾਉਣ ਲਈ ਮੋਰਚੇ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਚਾਰਾਜੋਈ ਕੀਤੀ ਜਾ ਰਹੀ ਹੈ। ਅੱਜ ਵੀ ਹਾਈਕੋਰਟ ਵਿੱਚ ਸਾਡੀ ਸੁਣਵਾਈ ਸੀ ਤੇ ਕੱਲ 4 ਦਸੰਬਰ ਨੂੰ ਦੁਬਾਰਾ ਫਿਰ ਸੁਣਵਾਈ ਹੈ। ਅਸੀਂ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਤਨ, ਮਨ, ਧਨ ਨਾਲ ਲੜਾਈ ਲੜ ਰਹੇ ਹਾਂ। ਪਰ ਸਟੇਅ ਲੱਗਣ ਤੋਂ ਬਾਅਦ ਵੀ ਪੁਲਿਸ ਵੱਲੋਂ ਕਟਾਈ ਕਰ ਰਹੀਆਂ ਮਸ਼ੀਨਾਂ ਨੂੰ ਛੱਡਣਾ ਇੱਕ ਸ਼ਰਮਨਾਕ ਕਾਰਾ ਹੈ। ਅਸੀਂ ਮੋਰਚੇ ਵੱਲੋਂ ਬਾਪੂ ਲਾਭ ਸਿੰਘ ਜੀ ਦੇ ਪੂਰਨ ਸਮਰਥਨ ਦਾ ਐਲਾਨ ਕਰਦੇ ਹਾਂ ਤੇ ਉਹਨਾਂ ਵੱਲੋਂ ਕੀਤੀ ਗਈ ਹਰ ਅਪੀਲ ਤੇ ਮੋਢੇ ਨਾਲ ਮੋਢਾ ਜੋੜਕੇ ਖੜੇ ਹਾਂ।

