ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲਿਸ ਲਈ ਨਵੇਂ 72 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨਵੀਂਆਂ ਐਮਰਜੈਂਸੀ ਰਿਸਪਾਂਸ ਵਾਹਨਾਂ ’ਚ 16 ਮਹਿੰਦਰਾ ਬੋਲੈਰੋ ਅਤੇ 56 ਮੋਟਰਸਾਈਕਲ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਨੂੰ ਦੇਸ਼ ਦੀ ਨੰਬਰ ਵਨ ਪੁਲਿਸ ਬਣਾਉਣਾ ਚਾਹੁੰਦੇ ਹਨ।
ਅੰਸਾਰੀ ਮਾਮਲੇ ‘ਚ ਕੈਪਟਨ ਦੇ ਬੇਟੇ ਦੀ ਐਂਟਰੀ
ਅੰਸਾਰੀ ਮਾਮਲੇ ‘ਤੇ ਗੱਲ ਕਰਦਿਆਂ ਮਾਨ ਨੇ ਕਾਂਗਰਸ ‘ਤੇ ਇਲਜ਼ਾਮ ਲਗਾਏ ਕਿ ਕਾਂਗਰਸ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਸਟੇਟ ਗੈੱਸਟ ਦੀ ਤਰ੍ਹਾਂ ਜੇਲ੍ਹ ਵਿੱਚ ਰੱਖਿਆ ਸੀ। ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅੰਸਾਰੀ ਨੂੰ ਜੇਲ੍ਹ ਵਿੱਚ 5 ਸਟਾਰ ਸੁਵਿਧਾਵਾਂ ਦਿੱਤੀਆਂ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਕਹਿੰਦੇ ਨੇ ਕਿ ਉਹ ਅੰਸਾਰੀ ਨੂੰ ਨਹੀਂ ਮਿਲੇ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਆਪਣੇ ਬੇਟੇ ਤੋਂ ਅੰਸਾਰੀ ਬਾਰੇ ਪੁੱਛਣ ਕਿ ਰਣਇੰਦਰ ਅੰਸਾਰੀ ਨੂੰ ਕਿੰਨੇ ਵਾਰ ਮਿਲਿਆ ਹੈ। ਉਹ 55 ਲੱਖ ਉਨ੍ਹਾਂ ਤੋਂ ਵਸੂਲਾਂਗੇ, ਜਿਨ੍ਹਾਂ ਨੇ ਅੰਸਾਰੀ ਨੂੰ ਰੱਖਿਆ ਸੀ।
ਰੋਪੜ ਜ਼ਿਲ੍ਹੇ ਵਿੱਚ ਮੁਖਤਾਰ ਅੰਸਾਰੀ ਦੇ ਮੁੰਡੇ ਅੱਬਾਸ ਅੰਸਾਰੀ ਦੇ ਨਾਮ ਉੱਤੇ ਵਾਕਫ਼ ਬੋਰਡ ਦੀ ਜ਼ਮੀਨ ਹੈ। ਕਾਂਗਰਸ ਸਰਕਾਰ ਵੇਲੇ ਅੰਸਾਰੀ ਦੀ ਪਤਨੀ ਨੂੰ ਵੀ ਜੇਲ੍ਹ ਦੇ ਪਿੱਛੇ ਕੋਠੀ ਦਿੱਤੀ ਗਈ ਸੀ। ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਤੋਂ ਪੁੱਛ ਲੈਣ, ਓਹਨਾਂ ਨੂੰ ਅੰਸਾਰੀ ਬਾਰੇ ਉਸ ਵੇਲੇ ਸਭ ਪਤਾ ਹੁੰਦਾ ਸੀ।
ਅੰਸਾਰੀ ਨੂੰ ਲੈ ਕੇ ਅੱਗੇ ਹੋਰ ਬਹੁਤ ਵੱਡੇ ਖੁਲਾਸੇ ਕਰਾਂਗੇ
ਰੋਪੜ ਜ਼ਿਲ੍ਹੇ ‘ਚ ਅੰਸਾਰੀ ਦੇ ਮੁੰਡੇ ਅੱਬਾਸ ਤੇ ਉਸਦੇ ਭਤੀਜੇ ਦੇ ਨਾਮ 'ਤੇ ਵਕਫ਼ ਬੋਰਡ ਦੀ ਜ਼ਮੀਨ ਦਿੱਤੀ ਹੋਈ ਸੀ
ਅਸੀਂ ਪੰਜਾਬ ਨਾਲ ਦਿਲ ਤੋਂ ਜੁੜ੍ਹੇ ਹੋਏ ਹਾਂ
— CM @BhagwantMann pic.twitter.com/rC79IJhHpF
— AAP Punjab (@AAPPunjab) July 4, 2023
ਮਾਨ ਨੇ ਕਿਹਾ ਕਿ 26 ਵਾਰ ਯੂਪੀ ਸਰਕਾਰ ਨੇ ਅੰਸਾਰੀ ਨੂੰ ਵਾਪਸ ਲਿਆਉਣ ਦੇ ਲਈ ਪ੍ਰੋਡਕਸ਼ਨ ਵਾਰੰਟ ਕੱਢੇ ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੰਸਾਰੀ ਨੂੰ 2 ਸਾਲ 3 ਮਹੀਨੇ ਬਾਅਦ ਯੂਪੀ ਭੇਜਿਆ ਗਿਆ ਸੀ। ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਰੋਪੜ ਜੇਲ੍ਹ ਵਿੱਚ ਬੰਦ ਇਸ ਅਪਰਾਧੀ ਦੇ ਹਿੱਤ ਮਹਿਫ਼ੂਜ਼ ਰੱਖਣ ਲਈ 55 ਲੱਖ ਰੁਪਏ ਖ਼ਰਚ ਕੀਤੇ ਸਨ।
ਮਾਨ ਨੇ ਕਿਹਾ ਕਿ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਅਤੇ ਉਸ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਨ ਦੀ ਫ਼ੀਸ 55 ਲੱਖ ਪੰਜਾਬ ਦੇ ਖ਼ਜ਼ਾਨੇ ਚੋਂ ਨਹੀਂ ਦਿੱਤੇ ਜਾਣਗੇ ਸਗੋਂ ਇਹ ਫ਼ੀਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਹੀ ਅਦਾ ਕਰਨੀ ਪਵੇਗੀ। ਮਾਨ ਨੇ ਕਿਹਾ ਕਿ ਉਦੋਂ ਰੰਧਾਵਾ ਨੇ ਹੀ ਅੰਸਾਰੀ ਨੂੰ ਲੈ ਕੇ ਕੈਪਟਨ ਨੂੰ ਚਿੱਠੀ ਲਿਖੀ ਸੀ ਅਤੇ ਹੁਣ ਰੰਧਾਵਾ ਸਾਬ੍ਹ ਕਹਿੰਦੇ ਨੇ ਮੈਨੂੰ ਅੰਸਾਰੀ ਬਾਰੇ ਕੁਝ ਨਹੀਂ ਪਤਾ।
ਫਰਜ਼ੀ ਟਰੈਵਲ ਏਜੰਟਾਂ ‘ਤੇ ਵਰ੍ਹੇ ਮਾਨ
ਫ਼ਰਜ਼ੀ ਟਰੈਵਲ ਏਜੰਟਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਜੋ ਟਰੈਵਲ ਏਜੰਟ ਸੂਬੇ ਦੇ ਮੁੰਡੇ ਕੁੜੀਆਂ ਨੂੰ ਧੋਖਾ ਦੇ ਕੇ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ, ਉੱਥੇ ਉਨ੍ਹਾਂ ਨੂੰ ਕੈਦੀ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪਾਸਪੋਰਟ ਵੀ ਲੈ ਲਿਆ ਜਾਂਦਾ ਹੈ, ਅਜਿਹੇ ਟਰੈਵਲ ਏਜੰਟਾਂ ‘ਤੇ ਉਨ੍ਹਾਂ ਦੀ ਸਰਕਾਰ ਸਖ਼ਤ ਕਾਰਵਾਈ ਕਰੇਗੀ।