International

ਸ਼੍ਰੀਲੰਕਾ ਸਰਕਾਰ ਨੇ ਕਰਜ਼ੇ ਦੀ ਪੰਡ ਜਨਤਾ ਸਿਰ ਰੱਖੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਕਾਰਨ ਕੱਲ੍ਹ ਦੇਰ ਸ਼ਾਮ ਦੇਸ਼ ਦੀ ਸਾਰੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਹੈ। ਦੇਸ਼ ਦੇ ਸਿੱਖਿਆ ਮੰਤਰੀ ਦਿਨਸ਼ ਗੁਣਵਰਧਨੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਛੱਡ ਕੇ ਸਾਰੇ 26 ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸਮੂਹਿਕ ਅਸਤੀਫੇ ਦਾ ਕੋਈ ਕਾਰਨ ਫਿਲਹਾਲ ਨਹੀਂ ਦੱਸਿਆ।

ਸ਼੍ਰੀਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ। ਮਾਰਚ 2020 ਦੌਰਾਨ ਮਹਾਂਮਾਰੀ ਸਮੇਂ ਸ਼੍ਰੀਲੰਕਾ ਦੇ ਮੁੱਖ ਵਪਾਰ, ਜਿਨ੍ਹਾਂ ਵਿੱਚ ਚਾਹ, ਕੱਪੜਾ ਅਤੇ ਸੈਰ ਸਪਾਟਾ ਹੈ, ਪ੍ਰਭਾਵਿਤ ਹੋਏ ਹਨ। ਐਤਵਾਰ ਨੂੰ ਦੇਸ਼ ਦੀਆਂ ਸੜਕਾਂ ਉੱਤੇ ਆਮ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸ੍ਰੀਲੰਕਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਨਾਰਾਜ਼ ਲੋਕ ਰਾਸ਼ਟਰਪਤੀ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ। ਬੀਤੇ ਦਿਨੀਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿੱਜੀ ਆਵਾਸ ਨੂੰ ਘੇਰ ਕੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਦੇਸ਼ ਵਿੱਚ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ, ਜਿਸ ਨੂੰ ਅੱਜ ਸਵੇਰੇ ਹਟਾ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਐਤਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਸੜਕਾਂ ‘ਤੇ ਉਤਰਨ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ 36 ਘੰਟਿਆਂ ਲਈ ਕਰਫਿਊ ਲਗਾ ਦਿੱਤਾ ਅਤੇ ਕਈ ਸੋਸ਼ਲ ਮੀਡੀਆ ਵੈੱਬਸਾਈਟਸ ਉੱਪਰ ਵੀ ਰੋਕ ਲਗਾ ਦਿੱਤੀ। ਸੰਯੁਕਤ ਰਾਸ਼ਟਰ ਨੇ ਸ਼੍ਰੀਲੰਕਾ ਦੇ ਹਾਲਾਤਾਂ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਇੱਕ ਟਵੀਟ ਵਿੱਚ ਸੰਯੁਕਤ ਰਾਸ਼ਟਰ ਦੇ ਸ਼੍ਰੀਲੰਕਾ ਵਿੱਚ ਨੁਮਾਇੰਦੇ ਹਾਨਾ ਸਿੰਗਰ ਹੁੰਮਦੀ ਨੇ ਕਿਹਾ ਕਿ ,”ਅਸੀਂ ਇਨ੍ਹਾਂ ਸਾਰੀਆਂ ਘਟਨਾਵਾਂ ਉੱਤੇ ਨਜ਼ਰ ਬਣਾਈ ਹੋਈ ਹੈ ਅਤੇ ਸ਼੍ਰੀਲੰਕਾ ਦੇ ਹਾਲਾਤਾਂ ਨੂੰ ਲੈ ਕੇ ਅਸੀਂ ਚਿੰਤਤ ਹਾਂ। ਸਾਰੇ ਪੱਖਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ।”

ਸ਼੍ਰੀਲੰਕਾ ਦੀ ਨਿਊਜ਼ ਵੈੱਬਸਾਈਟ ਇਕਾਨੋਮੀਨੈਕਸਟ ਮੁਤਾਬਕ ਸ਼੍ਰੀਲੰਕਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਭਾਰਤ ਸ੍ਰੀਲੰਕਾ ਵਿੱਚ ਫ਼ੌਜ ਭੇਜ ਰਿਹਾ ਹੈ। ਵੈੱਬਸਾਈਟ ਮੁਤਾਬਕ,”ਮੀਡੀਆ ਦੇ ਕੁੱਝ ਲੋਕ ਅਜਿਹੀਆਂ ਖਬਰਾਂ ਦੇ ਰਹੇ ਹਨ ਕਿ ਭਾਰਤ ਆਪਣੀ ਫੌਜ ਨੂੰ ਸ਼੍ਰੀਲੰਕਾ ਭੇਜ ਰਿਹਾ ਹੈ। ਇਹ ਖਬਰਾਂ ਝੂਠੀਆਂ ਤੇ ਬੇਬੁਨਿਆਦ ਹਨ। ਭਾਰਤ ਅਜਿਹੀਆਂ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਾ ਹੈ।” ਵੈੱਬਸਾਈਟ ਮੁਤਾਬਕ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਸ੍ਰੀਲੰਕਾ ਨੂੰ ਭਾਰਤ ਵੱਲੋਂ ਸਹਾਇਤਾ ਦੇ ਤੌਰ ‘ਤੇ 40 ਹਜ਼ਾਰ ਮੀਟਰਿਕ ਟਨ ਡੀਜ਼ਲ ਭੇਜਿਆ ਗਿਆ ਹੈ। ਸ਼੍ਰੀਲੰਕਾ ਸਰਕਾਰ ਦੇ ਸਿਲੋਨ ਬਿਜਲੀ ਬੋਰਡ ਵੱਲੋਂ ਆਖਿਆ ਗਿਆ ਹੈ ਕਿ ਭਾਰਤ ਵੱਲੋਂ ਤੇਲ ਦੀ ਸਹਾਇਤਾ ਕਾਰਨ ਬਿਜਲੀ ਦੇ ਕੱਟਾਂ ਵਿੱਚ ਕੁੱਝ ਕਮੀ ਹੋ ਸਕਦੀ ਹੈ।

Comments are closed.