‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀ ਕਾਨੂੰਨਾਂ ਖਿਲਾਫ਼ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਵੱਲੋਂ ਇਸਦੀਆਂ ਤਿਆਰੀਆਂ ਵੱਡੇ ਤੋਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਪਿੰਡ ਵਜੀਦਪੁਰ ਦੇ ਕਿਸਾਨ ਕਰਮਜੀਤ ਸਿੰਘ ਨੇ ਆਪਣੀ ਟਰਾਲੀ ‘ਤੇ ਦੋ ਲੱਖ ਰੁਪਏ ਖਰਚ ਕੇ ਉਸਨੂੰ ਬੱਸ ਦਾ ਰੂਪ ਦੇ ਦਿੱਤਾ ਹੈ ਤਾਂ ਜੋ ਹੱਡ-ਚੀਰਵੇਂ ਮੌਸਮ ਵਿੱਚ ਠੰਡ ਤੋਂ ਬਚਿਆ ਜਾਵੇ ਅਤੇ ਕੇਂਦਰ ਸਰਕਾਰ ਅੱਗੇ ਆਪਣੇ ਰੋਹ ਦਾ ਪ੍ਰਦਰਸ਼ਨ ਵੀ ਕੀਤਾ ਜਾ ਸਕੇ।

ਟਰਾਲੀ ਦੀ ਬਣਾਈ ਬੱਸ ਅਤੇ ਉਸ ਉੱਪਰ ਕਿਸਾਨੀ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਚਿੱਤਰ ਸਭ ਨੂੰ ਆਕਰਸ਼ਿਤ ਕਰ ਰਹੇ ਸਨ। ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਰਾਣੀ ਬੱਸ ਦਾ ਕੈਬਿਨ ਖਰੀਦਿਆ ਅਤੇ ਉਸ ਦੀ ਮੁਰੰਮਤ ਕਰਕੇ ਟਰਾਲੀ ਦੀ ਹੁੱਕ ਬਣਾ ਕੇ ਟਰੈਕਟਰ ਪਿੱਛੇ ਪਾ ਲਈ।

ਬੱਸ ਵਿੱਚ ਅਰਾਮਦਾਇਕ ਗੱਦੇ ਲਗਾਏ ਹਨ, ਉੱਥੇ ਹੀ ਖਾਣ-ਪੀਣ ਵਾਲਾ ਸਾਰਾ ਸਾਮਾਨ ਵੀ ਰੱਖਿਆ ਗਿਆ ਹੈ। ਕਿਸਾਨ ਨੇ ਦੱਸਿਆ ਕਿ ਬੱਸ ਦੇ ਆਲੇ-ਦੁਆਲੇ ਲਗਾਏ ਗਏ ਕਿਸਾਨੀ ਮੰਗਾਂ ਸਬੰਧੀ ਚਿੱਤਰ ਅਤੇ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨ ਸੰਘਰਸ਼ ਅਤੇ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।