‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਕੱਲ੍ਹ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੈ। ਇਸ ਸਬੰਧ ਵਿੱਚ ਜ਼ੋਰਾਂ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਸਮਾਗਮ ਅਤੇ ਪਾਰਕਿੰਗ ਲਈ 150 ਦੇ ਕਰੀਬ ਖੇਤ ਕਬਜ਼ੇ ਵਿੱਚ ਲਏ ਗਏ ਹਨ। ਸਮਾਗਮ ਲਈ 100 ਏਕੜ ‘ਚ ਪੰਡਾਲ ਲਗਾਇਆ ਜਾ ਰਿਹਾ ਹੈ। 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਦੱਸੀ ਜਾ ਰਹੀ ਹੈ। ਇਸ ਪ੍ਰੋਗਰਾਮ ਲਈ ਮੁੱਖ ਪੰਡਾਲ ਦੇ ਨਾਲ ਲਗਦੀ 40 ਏਕੜ ਕਣਕ ਵੱਢੀ ਗਈ ਹੈ। ਇਹ ਕਣਕ ਹਾਲੇ ਕੱਚੀ ਹੈ ਤੇ ਸਮੇਂ ਤੋਂ ਪਹਿਲਾਂ ਵੱਢੀ ਗਈ ਹੈ। ਜਿਸ ਕਾਰਨ ਮਾਲਕ ਕਿਸਾਨ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਇਹ 40 ਏਕੜ ਜਗ੍ਹਾ ਸਮਾਗਮ ਦੀ ਪਾਰਕਿੰਗ ਲਈ ਵਰਤੀ ਜਾਣੀ ਹੈ।
ਦੱਸ ਦਈਏ ਕਿ ਖੇਤਾਂ ਵਿੱਚੋਂ ਕਣਕ, ਸਰ੍ਹੋਂ, ਆਲੂ ਅਤੇ ਹੋਰ ਫ਼ਸਲਾਂ ਦੀ ਕਟਾਈ ਜਾਰੀ ਹੈ ਅਤੇ ਬਾਕੀਆਂ ਵਿੱਚ ਰੋਲਰ ਫੇਰੇ ਜਾ ਰਹੇ ਹਨ। ਫ਼ਸਲਾਂ ਦੇ ਮੁਆਵਜ਼ੇ ਸਬੰਧੀ ਮਾਲ ਵਿਭਾਗ ਵੱਲੋਂ ਭਾਵੇਂ ਪ੍ਰਤੀ ਏਕੜ ਰਕਮ ਤੈਅ ਕਰ ਦਿੱਤੀ ਗਈ ਹੈ ਪਰ ਪਿੰਡ ਵਾਸੀ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆ ਜਾਂਦੇ, ਉਦੋਂ ਤੱਕ ਫਿਕਰ ਲੱਗਿਆ ਰਹੇਗਾ। ਸਾਫ਼-ਸਫ਼ਾਈ ਲਈ ਪੰਚਾਇਤਾਂ ਰਾਹੀਂ ਮਗਨਰੇਗਾ ਕਰਮੀ ਅਤੇ ਨਗਰ ਪਾਲਿਕਾਵਾਂ ਤੋਂ ਪੁੱਜੇ ਸਫ਼ਾਈ ਕਰਮਚਾਰੀ ਕੰਮ ਲੱਗੇ ਹੋਏ ਹਨ। ਜੰਗਲਾਤ ਮਹਿਕਮੇ ਦੀ ਕਰਮਚਾਰੀ ਅਮਰਜੋਤ ਕੌਰ ਆਪਣੀ ਟੀਮ ਨਾਲ ਸਮਾਰਕ ਦੇ ਅੱਗਿਓਂ ਲੰਘਦੀ ਜਲੰਧਰ-ਮੁਹਾਲੀ ਸੜਕ ਨਾਲ ਬੂਟਿਆਂ ਦੁਆਲੇ ਲੱਕੜ ਅਤੇ ਸੀਮਿੰਟ ਦੇ ਜੰਗਲੇ ਲੁਆ ਰਹੇ ਸਨ। ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ 18 ਵੀਆਈਪੀ ਅਤੇ 1400 ਆਮ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਲੱਗੀ ਹੋਈ ਹੈ।
ਵੀਆਈਪੀ ਅਤੇ ਲੋਕਾਂ ਦੇ ਵੱਖੋ-ਵੱਖਰੇ ਦਾਖ਼ਲੇ ਲਈ 21 ਵੱਡੇ-ਛੋਟੇ ਸਵਾਗਤੀ ਗੇਟ ਤਿਆਰ ਹੋ ਰਹੇ ਹੈ। ਸਮਾਗਮ ਵਿੱਚ ਦਿੱਲੀ ਸਮੇਤ ਹੋਰ ਰਾਜਾਂ ਤੋਂ ਪੁੱਜਣ ਵਾਲੇ ਵੱਡੇ ਆਗੂਆਂ ਦੇ ਹੈਲੀਕਾਪਟਰਾਂ ਲਈ ਚਾਰ ਹੈਲੀਪੈਡ ਬਣਾਏ ਗਏ ਹਨ। ਇਸ ਦੇ ਨਾਲ ਹੀ ਖਟਕੜ ਕਲਾਂ ਨੂੰ ਆਉਂਦੀਆਂ ਕਈ ਸੰਪਰਕ ਸੜਕਾਂ ’ਤੇ ਪੈਚ ਵਰਕ ਚੱਲ ਰਿਹਾ ਹੈ।
ਇਸ ਸਮਾਗਮ ਵਿੱਚ ਵੀਆਈਪੀਜ਼ ਦੇ ਸ਼ਾਮਲ ਹੋਣ ਨੂੰ ਮੁੱਖ ਰੱਖਦਿਆਂ ਸੂਬੇ ਭਰ ਤੋਂ ਪੁਲੀਸ ਫੋਰਸ ਪੁੱਜ ਚੁੱਕੀ ਹੈ। ਸਮਾਰਕ ਵਾਲੀ ਦੀਵਾਰ ਦੁਆਲੇ ਵੱਡੇ ਪਰਦੇ ਲਾ ਦਿੱਤੇ ਗਏ ਹਨ। ਇਸ ਦੇ ਨਾਲ ਖਟਕੜ ਕਲਾਂ ਦੇ ਚੌਗਿਰਦੇ ਨਾਲ ਲੱਗਦੀਆਂ ਸੰਪਰਕ ਸੜਕਾਂ ’ਤੇ ਬੈਰੀਕੇਡ ਰੱਖ ਦਿੱਤੇ ਗਏ ਹਨ। ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਖਟਕੜ ਕਲਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕਰਨਗੇ ।