Punjab

ਪੰਜਾਬ ‘ਚ ਆਉਣ ਵਾਲੇ ਪਹਿਲਾਂ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 9 ਅਗਸਤ ਤੋਂ 41 ਵਿਦਿਆਰਥੀ ਅਤੇ ਇੱਕ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਕਰਕੇ ਪੰਜਾਬ ਸਰਕਾਰ ਨੇ ਅੱਜ ਕੋਵਿਡ ਰਿਵਿਊ ਮੀਟਿੰਗ ਕਰਕੇ ਕੁੱਝ ਅਹਿਮ ਫ਼ੈਸਲੇ ਲਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਸੋਮਵਾਰ ਤੋਂ ਕੋਵਿਡ ਵੈਕਸੀਨੇਸ਼ਨ ਜਾਂ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਇਹ ਰਿਪੋਰਟ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਲਾਜ਼ਮੀ ਕੀਤੀ ਗਈ ਹੈ ਜੋ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਆਉਣਾ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।  

ਕੈਪਟਨ ਨੇ ਸਕੂਲਾਂ ਲਈ ਵੀ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਕੈਪਟਨ ਨੇ ਸਿਰਫ਼ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾ ਚੁੱਕੇ ਟੀਟਿੰਗ ਸਟਾਫ਼ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਹੀ ਸਕੂਲਾਂ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਹੈ। ਕੈਪਟਨ ਨੇ ਬਾਕੀ ਅਧਿਆਪਕਾਂ, ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ, ਉਨ੍ਹਾਂ ਨੂੰ ਇਸ ਮਹੀਨੇ ਦੇ ਅੰਦਰ-ਅੰਦਰ ਵੈਕਸੀਨ ਲਗਾਉਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਅਧਿਆਪਕਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਦੇ ਸਿੱਖਿਆ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਸਟਾਫ਼ ਲਈ ਦੂਜੀ ਖੁਰਾਕ ਨੂੰ ਤਰਜੀਹ ਦੇਣ ਲਈ ਦੋ ਖ਼ੁਰਾਕਾਂ ਵਿੱਚ ਅੰਤਰ (Gap) ਨੂੰ ਘਟਾਉਣ ਦਾ ਸੁਝਾਅ ਦਿੱਤਾ ਹੈ।

ਕੈਪਟਨ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਰ ਦਿਨ ਘੱਟੋ-ਘੱਟ 10 ਹਜ਼ਾਰ ਟੈਸਟ ਰੋਜ਼ ਕਰਾਉਣ ਦਾ ਹੁਕਮ ਦਿੱਤਾ ਹੈ। ਕੈਪਟਨ ਨੇ ਉਨ੍ਹਾਂ ਜ਼ਿਲ੍ਹਿਆਂ, ਸ਼ਹਿਰਾਂ ਵਿੱਚ ਚੌਥੀ ਜਮਾਤ ਤੱਕ ਸਰੀਰਕ ਸਿੱਖਿਆ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਕੋਵਿਡ ਦੀ ਸਥਿਤੀ 0.2 % ਹੈ। ਭਾਵ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਨਾ ਆਉਣ ਦਿੱਤਾ ਜਾਵੇ। ਜਿਨ੍ਹਾਂ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਣਗੀਆਂ, ਤਾਂ ਕਲਾਸ ਵਿੱਚ ਇੱਕ ਬੈਂਚ ‘ਤੇ ਇੱਕ ਹੀ ਬੱਚਾ ਬੈਠੇਗਾ।