Punjab Religion

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ‘ਚ ਭਾਰੀ ਉਤਸ਼ਾਹ, ਲੱਖਾਂ ਦੀ ਤਦਾਦ ‘ਚ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ

ਅੰਮ੍ਰਿਤਸਰ : ਦੇਸ਼-ਦੁਨੀਆ ਭਰ ਵਿੱਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਵਿੱਚ ਗੁਰਪੁਰਬ ਨੂੰ ਲੈ ਕੇ ਸੰਗਤ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਠੰਢ ਵੀ ਸੰਗਤ ਦੇ ਉਤਸ਼ਾਹ ਨੂੰ ਨਹੀਂ ਰੋਕ ਸਕੀ ਹੈ ਅਤੇ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋ ਰਹੇ ਹਨ। ਗੁਰਪੁਰਬ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਿਰ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਐਸਜੀਪੀਸੀ ਵੱਲੋਂ ਲਾਈਟਾਂ ਨਾਲ ਸਜਾਇਆ ਗਿਆ ਹੈ, ਜਿਥੇ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ।

ਅੱਜ ਹਰਿਮੰਦਰ ਸਾਹਿਬ ਵਿੱਚ ਸੁੰਦਰ ਦੀਵੇ ਸਜਾਏ ਜਾਣਗੇ। ਰਾਤ ਨੂੰ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਹੋਵੇਗੀ। ਇਸ ਵਾਰ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਿਸਮ ਦੇ ਪਟਾਕੇ ਚਲਾਉਣ ਜਾ ਰਹੀ ਹੈ। ਜਿਸ ਵਿੱਚ ਲਾਈਟਾਂ ਨਿਕਲਣਗੀਆਂ ਅਤੇ ਬਹੁਤ ਘੱਟ ਧੂੰਆਂ ਹੋਵੇਗਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ‘ਚ 1 ਲੱਖ ਤੋਂ ਵੱਧ ਘਿਓ ਦੇ ਦੀਵੇ ਵੀ ਜਗਾਏ ਜਾਣਗੇ।

ਕਰੀਬ 3 ਹਜ਼ਾਰ ਸ਼ਰਧਾਲੂ ਪਾਕਿਸਤਾਨ ਪਹੁੰਚ ਚੁੱਕੇ ਹਨ

ਇਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ 2244 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੇ ਵੀਜ਼ੇ ਲਈ ਭੇਜੇ ਗਏ ਹਨ। ਪਰ ਇਨ੍ਹਾਂ ਵਿੱਚੋਂ ਸਿਰਫ਼ 763 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲਿਆ ਹੈ। ਜਦਕਿ 1481 ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ। ਇਸ ਸਾਲ ਭਾਰਤ ਭਰ ਤੋਂ ਲਗਭਗ 3 ਹਜ਼ਾਰ ਸ਼ਰਧਾਲੂ ਮੱਥਾ ਟੇਕਣ ਲਈ ਪਾਕਿਸਤਾਨ ਗਏ ਹਨ। ਜੋ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਹ ਗਰੁੱਪ 23 ਨਵੰਬਰ ਤੱਕ ਵਾਪਸ ਆ ਜਾਣਗੇ।