Punjab

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ, ਅੰਮ੍ਰਿਤਸਰ ਸਣੇ ਤਿੰਨ ਜ਼ਿਲ੍ਹਿਆਂ ਦੇ ਡੀਸੀ ਬਦਲੇ, ਸਾਕਸ਼ੀ ਸਾਹਨੀ ਨੂੰ ਦਿੱਤਾ ਗਮਾਡਾ

ਬਿਊਰੋ ਰਿਪੋਰਟ (ਅੰਮ੍ਰਿਤਸਰ, 22 ਅਕਤੂਬਰ 2025): ਪੰਜਾਬ ਸਰਕਾਰ ਨੇ ਛੇ ਆਈਏਐਸ (IAS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਸਮੇਤ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (DC) ਨੂੰ ਬਦਲ ਦਿੱਤਾ ਗਿਆ ਹੈ। ਸਾਕਸ਼ੀ ਸਾਹਨੀ ਨੂੰ ਹੁਣ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ – GMADA) ਦੀ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ।

ਵਿਸ਼ੇਸ਼ ਸਾਰੰਗਲ ਨੂੰ ਵਿਸ਼ੇਸ਼ ਸਕੱਤਰ (Special Secretary) ਸੁਸ਼ਾਸਨ ਤੇ ਸੂਚਨਾ ਤਕਨਾਲੋਜੀ ਵਿਭਾਗ, ਵਧੀਕ ਡਾਇਰੈਕਟਰ ਸੁਸ਼ਾਸਨ ਤੇ ਸੂਚਨਾ ਤਕਨਾਲੋਜੀ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਧਿਕਾਰੀ, ਪੰਜਾਬ ਈ-ਗਵਰਨੈਂਸ ਸੋਸਾਇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਹ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਅਹੁਦੇ ’ਤੇ ਤਾਇਨਾਤ ਸਨ।

ਸਾਹਨੀ ਦੀ ਥਾਂ ਹੁਣ ਦਲਵਿੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਦੇ ਡੀਸੀ ਵਜੋਂ ਕੰਮ ਕਰ ਰਹੇ ਸਨ। ਆਦਿੱਤਿਆ ਉੱਪਲ ਨੂੰ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਉਹ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਸਨ।

ਆਈਏਐਸ ਪੱਲਵੀ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਾਧੂ ਚਾਰਜ ਨਗਰ ਨਿਗਮ ਪਠਾਨਕੋਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰਪ੍ਰੀਤ ਸਿੰਘ ਨੂੰ ਵਧੀਕ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਿਯੁਕਤ ਕੀਤਾ ਗਿਆ ਹੈ।