ਬਿਊਰੋ ਰਿਪੋਰਟ (ਲੁਧਿਆਣਾ, 20 ਨਵੰਬਰ 2025): ਲੁਧਿਆਣਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਏ। ਜਾਣਕਾਰੀ ਮੁਤਾਬਕ ਇਹ ਮੁਕਾਬਲਾ ਨੈਸ਼ਨਲ ਹਾਈਵੇਅ ’ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਇਆ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਸੂਚਨਾ ਮਿਲਦੇ ਹੀ ਘਟਨਾ ਸਥਾਨ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਦੇ ਆਦੇਸ਼ ਵੀ ਦਿੱਤੇ ਹਨ।
ਜਾਣਕਾਰੀ ਅਨੁਸਾਰ, ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਕੁਝ ਬਦਮਾਸ਼ਾਂ ਨੂੰ ਗਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਪੁਲਿਸ ਹੁਣ ਬਦਮਾਸ਼ਾਂ ਨੂੰ ਹੋਰ ਸਮੱਗਰੀ ਬਰਾਮਦ ਕਰਨ ਲਈ ਲੈ ਜਾ ਰਹੀ ਸੀ। ਤਾਂ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਬੀਤੇ ਦਿਨ ਤਿੰਨ ਬਦਮਾਸ਼ ਗਰਨੇਡ ਦੇ ਨਾਲ ਫੜੇ ਗਏ ਸੀ ਤੇ ਉਨ੍ਹਾਂ ਦੀ ਹੀ ਨਿਸ਼ਾਨਦੇਹੀ ਦੇ ਨਾਲ ਹੀ 2 ਹੋਰਾਂ ਦਾ ਨਾਮ ਸਾਹਮਣੇ ਆਇਆ ਸੀ ਜਿਨ੍ਹਾਂ ਵਿਚੋਂ ਇਕ ਬਿਹਾਰ ਦਾ ਦੱਸਿਆ ਜਾ ਰਿਹਾ ਸੀ ਤੇ ਇਕ ਹਰਿਆਣਾ ਦਾ ਹੈ। ਜਦੋਂ ਉਨ੍ਹਾਂ ਨੂੰ ਪੁਲਸ ਫੜਨ ਲਈ ਗਈ ਹੈ ਤਾਂ ਉਨ੍ਹਾਂ ਵੱਲੋ ਪੁਲਿਸ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਬਾਅਦ ਪੁਲਿਸ ਵੱਲੋ ਜਵਾਬੀ ਫਾਇਰਿੰਗ ਕੀਤੀ ਗਈ।
ਦੋਵੇਂ ਬਦਮਾਸ਼ਾਂ ਨੂੰ ਗੋਲੀ ਵੱਜੀ ਹੈ ਤੇ ਇਕ ਦੀ ਹਾਲਤ ਗੰਭੀਰ ਬਣੀ ਹੋਈ ਤੇ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਇਨ੍ਹਾਂ ਕੋਲੋ 2 ਗਰਨੇਡ ਤੇ 4 ਪਿਸਤੌਲ ਬਰਾਮਦ ਕੀਤੇ ਗਏ ਨੇ।
ਪੁਲਿਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਅੱਤਵਾਦੀ ਮਾਡਿਊਲ ਸੀ, ਜੋ ਪਾਕਿਸਤਾਨ ਦੀ ਆਈਐਸਆਈ (ISI) ਦੇ ਸਮਰਥਨ ਨਾਲ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

