ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਬੁੱਧਵਾਰ ਸਵੇਰੇ ਫੌਜ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਫੌਜ ਨੇ ਦੱਸਿਆ ਕਿ ਮੰਗਲਵਾਰ ਨੂੰ ਕੁਪਵਾੜਾ ਦੇ ਕੋਵਤ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੁੱਧਵਾਰ ਸਵੇਰੇ ਅੱਤਵਾਦੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਮੁਕਾਬਲੇ ‘ਚ ਇਕ ਜਵਾਨ ਵੀ ਜ਼ਖਮੀ ਹੋਇਆ ਹੈ। ਫਿਲਹਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਭਾਰਤੀ ਫੌਜ ਦੀ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਰੇਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। ਫੌਜ ਅਤੇ ਅੱਤਵਾਦੀਆਂ ਵਿਚਾਲੇ ਅਜੇ ਵੀ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ 2 ਤੋਂ 3 ਅੱਤਵਾਦੀ ਮੌਜੂਦ ਹਨ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਕੱਲ੍ਹ ਘੇਰ ਲਿਆ ਸੀ। ਇਹ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ।
ਜੰਮੂ-ਕਸ਼ਮੀਰ ‘ਚ 24 ਘੰਟਿਆਂ ‘ਚ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਪੁੰਛ ‘ਚ LOC ਨੇੜੇ ਬਟਾਲ ਸੈਕਟਰ ‘ਚ ਮੰਗਲਵਾਰ ਸਵੇਰੇ ਕਰੀਬ 3 ਵਜੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ਵਿੱਚ ਲਾਂਸ ਨਾਇਕ ਸੁਭਾਸ਼ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
16 ਜੁਲਾਈ ਨੂੰ ਡੋਡਾ ਦੇ ਦੇਸਾ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਇਕ ਕਪਤਾਨ ਅਤੇ ਇਕ ਪੁਲਸ ਕਰਮਚਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। 15 ਜੁਲਾਈ ਨੂੰ ਡੋਡਾ ਦੇ ਦੇਸਾ ਜੰਗਲਾਤ ਪੱਟੀ ਦੇ ਕਲਾਂ ਭਾਟਾ ਵਿੱਚ ਰਾਤ 10:45 ਵਜੇ ਅਤੇ ਪੰਚਨ ਭਾਟਾ ਖੇਤਰ ਵਿੱਚ ਤੜਕੇ 2 ਵਜੇ ਫਿਰ ਗੋਲੀਬਾਰੀ ਹੋਈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਚਲਾਉਣ ਲਈ ਜੱਦਨ ਬਾਟਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਅਸਥਾਈ ਸੁਰੱਖਿਆ ਕੈਂਪ ਲਗਾਇਆ ਸੀ। ਡੋਡਾ ਜ਼ਿਲ੍ਹੇ ਨੂੰ 2005 ਵਿੱਚ ਅੱਤਵਾਦ ਮੁਕਤ ਐਲਾਨਿਆ ਗਿਆ ਸੀ। 12 ਜੂਨ ਤੋਂ ਲਗਾਤਾਰ ਹੋ ਰਹੇ ਹਮਲਿਆਂ ‘ਚ 5 ਜਵਾਨ ਸ਼ਹੀਦ ਹੋ ਗਏ, 9 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ, ਜਦਕਿ 3 ਅੱਤਵਾਦੀ ਮਾਰੇ ਗਏ।