Punjab

ਤਰਨਤਾਰਨ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਹੋਈ ਮੁਠਭੇੜ, ਬਦਮਾਸ਼ ਜ਼ਖ਼ਮੀ

ਤਰਨਤਾਰਨ : ਦੇਰ ਰਾਤ ਤਰਨਤਾਰਨ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਦੋਵਾਂ ਪਾਸਿਆਂ ਵੱਲੋਂ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬਦਮਾਸ਼ ਕਤਲ ਸਮੇਤ ਅੱਧਾ ਦਰਜਨ ਦੇ ਕਰੀਬ ਕੇਸਾਂ ਵਿੱਚ ਲੋੜੀਂਦਾ ਸੀ।

ਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੁਗਰਾਜ ਸਿੰਘ ਨੂਰਦੀ ਇਲਾਕੇ ਵਿੱਚ ਕਿਸੇ ਨੂੰ ਮਿਲਣ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜੁਗਰਾਜ ਨੂੰ ਬਾਈਕ ‘ਤੇ ਆਉਂਦੇ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 45 ਬੋਰ ਦਾ ਇਕ ਪਿਸਟਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਉੱਪਰ 5 ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਹਨ ਅਤੇ 29 ਜੁਲਾਈ 2024 ਨੂੰ ਹੋਏ ਇਕ ਕਤਲ ਦੇ ਕੇਸ ਵਿਚ ਵੀ ਇਹ ਸ਼ਾਮਲ ਸੀ।  ਉਨ੍ਹਾਂ ਦੱਸਿਆ ਕਿ ਇਸਦਾ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀਂ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਜਵਾਬੀ ਗੋਲੀਬਾਰੀ ‘ਚ ਜੁਗਰਾਜ ਦੀ ਲੱਤ ‘ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਫਿਲਹਾਲ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਸ ਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਨਾਲ ਜੁੜੇ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।