Punjab

ਚੰਡੀਗੜ੍ਹ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, 2 ਦੇ ਪੈਰਾਂ ’ਤੇ ਗੋਲੀ ਲੱਗੀ

ਅੱਜ ਸਵੇਰੇ ਤੜਕੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਨਵੀਂ ਅਨਾਜ ਮੰਡੀ (ਗਿਰੀ ਮੰਡੀ) ਕੋਲ ਸਵੇਰੇ 6 ਵਜੇ ਇੱਕ ਵੱਡਾ ਮੁਕਾਬਲਾ ਹੋਇਆ। ਚੰਡੀਗੜ੍ਹ ਪੁਲਿਸ ਨੇ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਤਿੰਨ ਗੈਂਗਸਟਰਾਂ ਨੂੰ ਘੇਰਿਆ। ਇਹ ਮੁਲਜ਼ਮ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਭੱਜਣ ਲਈ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾਇਆ। ਪੁਲਿਸ ਨੇ ਨਾਕਾ ਲਾਇਆ ਤਾਂ ਮੁਲਜ਼ਮਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਏ। ਇਸ ਦੌਰਾਨ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨਾਂ ਮੁਲਜ਼ਮਾਂ ਦੇ ਪੈਰਾਂ ’ਤੇ ਗੋਲੀਆਂ ਲੱਗੀਆਂ। ਜਖਮੀ ਮੁਲਜ਼ਮਾਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹਨਾਂ ਮੁਲਜ਼ਮਾਂ ਦੀ ਪਛਾਣ ਰਾਹੁਲ, ਰੋਕੀ ਅਤੇ ਪ੍ਰੀਤ ਵਜੋਂ ਹੋਈ ਹੈ। ਮੁਢਲੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਤਿੰਨੇ ਗੈਂਗਸਟਰ ਪਿਛਲੇ ਦਿਨੀਂ ਸੈਕਟਰ 32 ਵਿੱਚ ਇੱਕ ਫਾਰਮੇਸੀ ਦੀ ਦੁਕਾਨ ’ਤੇ ਫਾਇਰਿੰਗ ਵਾਲੇ ਮਾਮਲੇ ਵਿੱਚ ਵਾਂਟੇਡ ਸਨ। ਇਸ ਤੋਂ ਇਲਾਵਾ ਉਹ ਜਲੰਧਰ ਵਿੱਚ ਕਿਸੇ ਵੱਡੇ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਦੀ ਸਾਜ਼ਿਸ਼ ਰਚ ਰਹੇ ਸਨ ਅਤੇ ਫਰਾਰ ਹੋ ਕੇ ਚੰਡੀਗੜ੍ਹ ਪਹੁੰਚੇ ਸਨ, ਜਿੱਥੇ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ।

ਚੰਡੀਗੜ੍ਹ ਪੁਲਿਸ ਨੇ ਇਹਨਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲਣ ’ਤੇ ਸਖ਼ਤੀ ਵਧਾ ਦਿੱਤੀ ਸੀ ਅਤੇ ਨਾਕੇ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਹੋਰ ਸਾਥੀਆਂ ਅਤੇ ਸਾਜ਼ਿਸ਼ਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਆਪ੍ਰੇਸ਼ਨ ਪ੍ਰਹਾਰ ਅਧੀਨ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਗੈਂਗਸਟਰਾਂ ’ਤੇ ਸਖ਼ਤ ਕਾਰਵਾਈ ਜਾਰੀ ਰੱਖੀ ਜਾ ਰਹੀ ਹੈ ਤਾਂ ਜੋ ਅਪਰਾਧੀ ਤੱਤਾਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।

ਪੰਜਾਬ ਪੁਲਿਸ ਦਾ ਗੈਂਗਸਟਰਾਂ ਵਿਰੁੱਧ 72 ਘੰਟੇ ਦਾ ਆਪ੍ਰੇਸ਼ਨ ਪ੍ਰਹਾਰ

ਦੱਸ ਦਈਏ ਕਿ ਲੰਘੇ ਕੱਲ੍ਹ ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਅਪਰਾਧੀ ਤੱਤਾਂ ਵਿਰੁੱਧ 72 ਘੰਟੇ ਦਾ ਵਿਸ਼ੇਸ਼ ਆਪ੍ਰੇਸ਼ਨ ‘ਪ੍ਰਹਾਰ’ ਸ਼ੁਰੂ ਕੀਤਾ ਹੈ। ਇਸ ਆਪ੍ਰੇਸ਼ਨ ਅਧੀਨ ਲੰਘੇ ਕੱਲ੍ਹ ਤੋਂ ਹੀ ਪੂਰੇ ਸੂਬੇ ਵਿੱਚ ਵੱਡੀ ਪੱਧਰ ’ਤੇ ਕਾਰਵਾਈਆਂ ਜਾਰੀ ਹਨ, ਜਿਸ ਵਿੱਚ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਅਤੇ ਮੁਕਾਬਲੇ ਦੌਰਾਨ ਗੋਲੀਬਾਰੀ ਵੀ ਹੋਈ।

ਸਭ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਪੁਲਿਸ ਨੇ ਇੱਕ ਲੁਟੇਰੇ ਨੂੰ ਘੇਰਿਆ। ਮੁਕਾਬਲੇ ਦੌਰਾਨ ਮੁਲਜ਼ਮ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਅਤੇ ਮਨਜਿੰਦਰ ਨਾਂ ਦੇ ਮੁਲਜ਼ਮ ਨੂੰ ਲੱਤ ’ਤੇ ਗੋਲੀ ਮਾਰ ਕੇ ਕਾਬੂ ਕਰ ਲਿਆ।

ਇਸ ਤੋਂ ਬਾਅਦ ਜਲੰਧਰ ਦੇ ਸੋਹਲ ਜਾਗਰੀ ਨੇੜੇ ਪੁਲਿਸ ਅਤੇ ਦੋ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।