ਅੰਮ੍ਰਿਤਸਰ : ਅੱਜ ਤੜਕ ਸਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਇਕ ਹੋਰ ਪੁਲਿਸ ਮੁਕਾਬਲਾ ਹੋਇਆ ਹੈ, ਜਿਸ ਵਿਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਹੋਈ ਗੋਲੀਬਾਰੀ ਵਿਚ ਗੈਂਗਸਟਰ ਦੀ ਲੱਤ ’ਚ ਗੋਲੀ ਵੱਜ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਸੰਬੰਧੀ ਜਲਦੀ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਖੁਲਾਸਾ ਕੀਤਾ ਜਾਵੇਗਾ।
ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਸਥਾਨਕ ਕੰਪਨੀ ਬਾਗ ਦੇ ਨੇੜੇ ਦੀ ਦੱਸੀ ਗਈ ਹੈ, ਜਦੋਂ ਕਿ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਅਤੇ ਪੁਲਿਸ ਪਾਰਟੀ ਦਾ ਆਹਮਣਾ ਸਾਹਮਣਾ ਹੋ ਗਿਆ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ’ਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਗੈਂਗਸਟਰ ਜ਼ਖਮੀ ਹੋ ਗਿਆ।
ਇਹ ਮੁਕਾਬਲਾ ਸਵੇਰੇ 4.30 ਵਜੇ ਕੰਪਨੀ ਗਾਰਡਨ ਨੇੜੇ ਪੁਰਾਣੇ ਬੱਚਾ ਵਾਰਡ ਦੇ ਸਾਹਮਣੇ ਹੋਇਆ। ਜਾਂਚ ਲਈ, ਪੁਲਿਸ ਨੇ ਹੁਣ ਕ੍ਰਿਸਟਲ ਚੌਕ ਤੋਂ ਬੱਚਾ ਵਾਰਡ ਵੱਲ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਹੈ। ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਲੁੱਟ-ਖੋਹ ਅਤੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।