Punjab

SGPC ਵੱਲੋਂ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਨੇ ਬਣਾਈ ਯੂਨੀਅਨ…

Employees suspended by SGPC formed a union

ਅੰਮ੍ਰਿਤਸਰ : ਦਰਬਾਰ ਸਾਹਿਬ ਦੇ ਲੰਗਰ ਵਿੱਚ ਵਿੱਚ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਘਪਲੇ ਦੇ ਮਾਮਲੇ ਵਿਚ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਨੇ SGPC ਇੰਪਲਾਈਜ਼ ਯੂਨੀਅਨ’ ਨਾਂਅ ਦੀ ਇਕ ਨਵੀਂ ਯੂਨੀਅਨ ਬਣਾਈ ਹੈ ਅਤੇ ਗੁਰਵਿੰਦਰ ਸਿੰਘ ਭੋਮਾ ਨੂੰ ਸਰਬ ਸੰਮਤੀ ਨਾਲ ਇਸ ਦਾ ਪ੍ਰਧਾਨ ਚੁਣਿਆ ਹੈ।

ਇਸ ਨਵੀਂ ਬਣਾਈ ਯੂਨੀਅਨ ਨੂੰ ਲੇਬਰ ਵਿਭਾਗ ਕੋਲ ਵੀ ਰਜਿਸਟਰ ਕਰਵਾਇਆ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਯੂਨੀਅਨ ਵਿਚ ਕਰੀਬ ਦੋ ਹਜ਼ਾਰ ਮੁਲਾਜ਼ਮ ਸ਼ਾਮਲ ਹੋ ਚੁੱਕੇ ਹਨ ਜਦਕਿ ਐੱਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀ ਗਿਣਤੀ 30 ਹਾਜ਼ਰ ਤੋਂ ਵੱਧ ਹੈ।

ਜ਼ਿਕਰਯੋਗ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਅਤੇ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਵਿਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਸੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਲਗਾਤਾਰ ਬਾਗ਼ੀ ਸੁਰ ਦਿਖਾਏ ਜਾ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ।

ਹੁਣ ਇਨ੍ਹਾਂ ਮੁਲਾਜ਼ਮਾਂ ਵੱਲੋਂ ਇਕ ਨਵੀਂ ਯੂਨੀਅਨ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਇਸ ਦਾ ਮਕਸਦ ਮੁਲਾਜ਼ਮ ਦਾ ਪੱਖ ਰੱਖਣਾ ਹੋਵੇਗਾ ਅਤੇ ਇਸ ਵੱਲੋਂ ਕਾਨੂੰਨੀ ਲੜਾਈ ਵੀ ਲੜੀ ਜਾ ਸਕਦੀ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਇਹ ਕੋਈ ਵਿਭਾਗ ਨਹੀਂ ਹੈ, ਜਿੱਥੇ ਕੋਈ ਯੂਨੀਅਨ ਬਣਾਈ ਜਾਵੇ ਸਗੋਂ ਇਹ ਸਿੱਖਾਂ ਦੀ ਇਕ ਸਿਰਮੌਰ ਸੰਸਥਾ ਹੈ।

ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਹ ਸੇਵਾ ਭਾਵਨਾ ਨਾਲ ਬਣਾਈ ਗਈ ਸੰਸਥਾ ਹੈ। ਇਸ ਲਈ ਅਜਿਹੀ ਕੋਈ ਵੀ ਯੂਨੀਅਨ ਬਣਾਉਣਾ ਸਰਾਸਰ ਗ਼ਲਤ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿਚ SGPC ਅਜਿਹੀ ਕਿਸੇ ਵੀ ਯੂਨੀਅਨ ਵਿਰੁੱਧ ਕਾਰਵਾਈ ਲਈ ਕਾਨੂੰਨੀ ਸਹਾਇਤਾ ਵੀ ਲੈ ਸਕਦੀ ਹੈ।

ਦੱਸ ਦੇਈਏ ਕਿ ਸੁੱਕੇ ਪਰਸ਼ਾਦਿਆਂ ਵਿਚ ਹੋਏ ਘਪਲੇ ਦੇ ਇਸ ਮਾਮਲੇ ਵਿਚ 1 ਅਪ੍ਰੈਲ 2019 ਤੋਂ ਦਸੰਬਰ 2022 ਤਕ ਵਿੱਕਰੀ ਅਤੇ ਨਿਲਾਮੀ ਵਿਚਕਾਰ ਇਹ ਘਪਲਾ ਸਾਹਮਣੇ ਆਇਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਐੱਸ.ਜੀ.ਪੀ.ਸੀ. ਵੱਲੋਂ 51 ਮੁਲਾਜ਼ਮ ਮੁਅੱਤਲ ਕੀਤੇ ਗਏ ਸਨ, ਜਿਨ੍ਹਾਂ ਵਿਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤਾਇਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਲ ਹਨ। ਇਨ੍ਹਾਂ 51 ਮੁਲਾਜ਼ਮਾਂ ਵਿਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ।