ਮੁਹਾਲੀ : ਪੰਜਾਬ ਸਰਕਾਰ ਨੇ ਸੱਚਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਉੱਚ ਦਰਜੇ ਦੀ ਬਣਾਉਣ ਲਈ ਭਰੋਸਾ ਦਿੱਤਾ ਸੀ ਤੇ ਅੱਜ ਇਸ ਨੂੰ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਲੋਂ ਅੱਜ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਹੈ। ਨੋਵੀਂ ਤੋਂ ਲੈ ਕੇ 12 ਤੱਕ ਦੇ ਬੱਚਿਆਂ ਲਈ ਸ਼ੁਰੂ ਕੀਤੀ ਇਸ ਸਕੀਮ ਦਾ ਉਦਘਾਟਨ ਇੰਡੀਅਨ ਸਕੂਲ ਆਫ ਬਿਜਨੈਸ,ਮੁਹਾਲੀ ਵਿੱਚ ਕੀਤਾ ਗਿਆ ਹੈ। ਜਿਸ ਦੇ ਪਹਿਲੇ ਪੜਾਅ ਵਿੱਚ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਿਆ ਹੈ ਤੇ ਇਹ ਐਲਾਨ ਵੀ ਕੀਤਾ ਹੈ ਕਿ ਅੱਜ ਸ਼ੁਰੂ ਹੋਣ ਵਾਲੇ 117 ਐਮੀਨੈਂਸ ਸਕੂਲਾਂ ਦੇ ਨਾਮ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਂ ‘ਤੇ ਰੱਖੇ ਜਾਣਗੇ ।
ਉਹਨਾਂ ਕਿਹਾ ਹੈ ਕਿ ਅੱਜ ਉਸ ਕੰਮ ਦੀ ਸ਼ੁਰੂਆਤ ਹੋਣ ਲੱਗੀ ਹੈ ਜੋ ਪਹਿਲਾਂ ਸਿਰਫ ਕਾਗਜਾਂ ਵਿੱਚ ਹੁੰਦਾ ਸੀ। ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ ਦੀ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ । ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਹੈ।
ਸਿੱਖਿਆ ਦੇ ਮਹੱਤਵ ਬਾਰੇ ਬੋਲਦਿਆਂ ਮਾਨ ਨੇ ਕਿਹਾ ਹੈ ਕਿ ਦੇਸ਼ ਦੇ ਕੁੱਝ ਹਿੱਸਿਆਂ ਨੂੰ ਵੱਡਾ ਰੁਤਬਾ ਹਾਸਲ ਹੈ ਕਿਉਂਕਿ ਸਿੱਖਿਆ ਦੇ ਬਹੁਤ ਵਧੀਆ ਸੰਸਥਾਵਾਂ ਉਹਨਾਂ ਕੋਲ ਹਨ। ਪੰਜਾਬ ਨੂੰ ਵੀ ਇਸੇ ਤਰਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਬੱਚਿਆਂ ਅੰਦਰਲੇ ਹੁਨਰ ਨੂੰ ਤਲਾਸ਼ਣ ਦੀ ਲੋੜ ਹੈ। ਇਸੇ ਲਈ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ,ਨਹੀਂ ਤਾਂ ਆਰਥਿਕ ਮਜਬੂਰੀਆਂ ਤੇ ਹੋਰ ਕਈ ਕਾਰਨਾਂ ਕਰਕੇ ਹੁਸ਼ਿਆਰ ਬੱਚੇ ਅੱਗੇ ਜਾ ਕੇ ਮੌਕਿਆਂ ਤੋਂ ਰਹਿ ਜਾਂਦੇ ਸਨ। ਪੰਜਾਬ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਹੈ ।
ਮਾਨ ਨੇ ਕਿਹਾ ਕਿ ਅਜਕਲ ਬੱਚਿਆਂ ਦੇ ਦਿਮਾਗ ਬਹੁਤ ਤੇਜ ਹਨ। ਬੱਸ ਉਹਨਾਂ ਨੂੰ ਇੱਕ ਸਹੀ ਮੌਕੇ ਤੇ ਸਹੀ ਸੇਧ ਦੀ ਲੋੜ ਹੈ । ਦਿੱਲੀ ਵਿੱਚ ਐਮੀਨੈਂਸ ਸਕੂਲਾਂ ਦੀ ਕਾਮਯਾਬੀ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਥੋਂ ਹੀ ਇਹ ਸਕੀਮ ਲਈ ਗਈ ਸੀ।
ਪੰਜਾਬ ਦਾਆਂ ਧੀਆਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਆਪ ਨੇ 12 ਕੁੜੀਆਂ ਨੂੰ ਟਿਕਟ ਦਿੱਤੀ ਤੇ ਸਾਰੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ। ਧੀਆਂ ਹਰ ਪਾਸੇ ਅੱਗੇ ਹਨ ਤੇ ਇਹਨਾਂ ਨੂੰ ਸਿਰਫ ਕੁਖ ਵਿੱਚ ਕਤਲ ਹੋਣ ਤੋਂ ਹੀ ਨਹੀਂ ਬਚਾਉਣਾ ਹੈ ਸਗੋਂ ਅੱਗੇ ਦੇ ਵੀ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ ਤੇ ਜੇਕਰ ਕੋਈ ਲਾਇਕ ਬੱਚੀ ਕੁਝ ਕਰਨਾ ਚਾਹੁੰਦੀ ਹੈ ,ਜਿੰਦਗੀ ਵਿੱਚ ਤਾਂ ਉਸ ਨੂੰ ਕਰਨ ਦੇਣਾ ਚਾਹੀਦਾ ਹੈ,ਨਾ ਕਿ ਉਸ ਦੇ ਰਾਹ ਦਾ ਰੋੜਾ ਬਣਨਾ ਚਾਹੀਦਾ ਹੈ।ਇਸ ਮੌਕੇ ਆਪਣੇ ਸੰਬੋਧਨ ਵਿੱਚ ਮਾਨ ਨੇ ਆਪਣਾ ਇੱਕ ਹੋਰ ਰੂਪ ਦਿਖਾਉਂਦੇ ਹੋਏ ਧੀਆਂ ਲਈ ਇੱਕ ਕਵਿਤਾ ਵੀ ਪੇਸ਼ ਕੀਤੀ।
ਮਾਨ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਠੀਕ ਕਰਨ ਦਾ ਜਜ਼ਬਾ ਪਹਿਲਾਂ ਹੀ ਉਹਨਾਂ ਅੰਦਰ ਸੀ ਤਾਂ ਇਸ ਲਈ ਅੱਜ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਲਈ ਕੰਮ ਕੀਤੇ ਜਾ ਰਹੇ ਹਨ । ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਪੜਾਈ ਇਕੋ ਜਿਹੀ ਹੋਵੇਗੀ। ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ। ਅਧਿਆਪਕਾਂ ਦਾ ਸਤਿਕਾਰ ਵੀ ਜ਼ਰੂਰੀ ਹੈ। ਮਾਂਬਾਪ ਤੇ ਅਧਿਆਪਕ ਮਿਲਣੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ ਤਾਂ ਜੋ ਆਪਸੀ ਸਹਿਯੋਗ ਨਾਲ ਬੱਚਿਆਂ ਦੇ ਭੱਵਿਖ ਨੂੰ ਸਵਾਰਿਆ ਜਾਵੇ।
ਸਿੱਖਿਆ ਦੇ ਢੰਗਾਂ ਨੂੰ ਵੀ ਬਦਲਿਆ ਜਾਵੇਗਾ ਕਿਉਂਕਿ ਕਿਸੇ ਵੀ ਪੇਸ਼ੇ ਵਿੱਚ ਜਾਣ ਲਈ ਮੁੱਢਲੀ ਸਿੱਖਿਆ ਵਧੀਆ ਹੋਣੀ ਬਹੁਤ ਹੀ ਜਰੂਰੀ ਹੈ।ਇਸ ਤੋਂ ਇਲਾਵਾ ਮਾਨ ਨੇ ਅਧਿਆਪਕਾਂ ਤੇ ਬੱਚਿਆਂ ਨੂੰ ਇਮਾਨਦਾਰੀ ਰਖਣ,ਸੱਚ ਬੋਲਣ ਦੀ ਅਪੀਲ ਵੀ ਕੀਤੀ ਹੈ ।
ਸਕੂਲ ਆਫ ਐਮੀਨਾਂਸ ਨੂੰ ਭਵਿੱਖ ਦੀ ਲੋੜ ਦਸਦੇ ਹੋਏ ਮਾਨ ਨੇ ਇਹਨਾਂ ਨੂੰ ਸਮੇਂ ਦੀ ਮੰਗ ਦੱਸਿਆ ਹੈ ਤੇ ਉਮੀਦ ਜ਼ਾਹਿਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਲੋਕ ਇਹਨਾਂ ਨੂੰ ਦੇਖਣ ਲਈ ਆਇਆ ਕਰਨਗੇ।
ਵਿਰੋਧੀਆਂ ‘ਤੇ ਵਰਦੇ ਹੋਏ ਮਾਨ ਨੇ ਕਿਹਾ ਹੈ ਕਿ ਇਹਨਾਂ ਦੀ ਬੌਖਲਾਹਟ ਹੈ ਕਿ ਹਰ ਵੇਲੇ ਇਹ ਮੈਨੂੰ ਨਿੰਦਦੇ ਰਹਿੰਦੇ ਹਨ ਕਿਉਂਕਿ ਹੁਣ ਇਹਨਾਂ ਤੋਂ ਕੁਰਸੀਆਂ ਤੇ ਸੱਤਾ ਖੁਸ ਚੁੱਕੀ ਹੈ।
ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸਿੱਖਿਆ ਵਿਭਾਗ ਸੌਂਪਣ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ । ਪਿਛਲੀਆਂ ਸਰਕਾਰਾਂ ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਉਸ ਵੇਲੇ ਸਿੱਖਿਆ ਦੀ ਹਾਲਤ ਬਹੁਤ ਮਾੜੀ ਸੀ ਤੇ ਇਸ ਵਿਭਾਗ ਨੂੰ ਧਰਨਿਆਂ ਦੀ ਵਿਭਾਗ ਮੰਨਿਆ ਜਾਂਦਾ ਸੀ । ਪੰਜਾਬ ਦੇ ਸਿਰ ਭਾਰੀ ਕਰਜਾ ਸੀ ਪਰ ਇਸ ਦੇ ਬਾਵਜੂਦ ਸਕੂਲਾਂ ਵਿੱਚ ਹਾਲਾਤ ਖਰਾਬ ਹਨ ਤੇ ਲਗਭਗ 25000 ਅਧਿਆਪਕਾਂ ਦੀ ਘਾਟ ਸੀ।
ਉਹਨਾਂ ਦਾਅਵਾ ਕੀਤਾ ਕਿ ਅਸੀਂ ਸਿੱਖਿਆ ਤੇ ਸਿਹਤ ਨੂੰ ਹਮੇਸ਼ਾ ਅੱਗੇ ਰੱਖਿਆ ਹੈ ਤੇ ਸਕੂਲਾਂ ਦੀ ਹਾਲਤ ਸੁਧਾਰਨ ਦੀ ਸੋਚੀ ਹੈ। ਬੈਂਸ ਨੇ ਇਹ ਵੀ ਕਿਹਾ ਕਿ ਉਹਨਾਂ ਕਈ ਵਾਰ ਬੱਚਿਆਂ ਦੇ ਮਾਂ-ਬਾਪ ਨਾਲ ਖੁਦ ਗੱਲਬਾਤ ਕਰਦਿਆਂ ਇਹ ਵਾਅਦਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਦੀ ਹਾਲਤ ਵੀ ਸੁਧਾਰੀ ਜਾਵੇਗੀ। ਇਥੇ ਪੜਨ ਵਾਲੇ 28 ਲੱਖ ਬੱਚਿਆਂ ਨੂੰ ਮਾਣ ਹੋਇਆ ਕਰੇਗਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਹਨ।
ਸਕੂਲ ਆਫ ਐਮੀਨੈਂਸ ਸਕੂਲਾਂ ਬਾਰੇ ਦੱਸਦਿਆਂ ਉਹਨਾ ਕਿਹਾ ਕਿ ਇਥੇ ਉਹੇ ਬੱਚੇ ਪੜਨਗੇ,ਜਿਹੜੇ ਭਾਵੇਂ ਆਰਥਿਕ ਹਾਲਾਤਾਂ ਵਲੋਂ ਮਾੜੇ ਪਰ ਹੁਨਰਮੰਦ ਹੋਣ ਤੇ ਇਹਨਾਂ ਨੇ ਹੀ ਅੱਗੇ ਜਾ ਕੇ ਫਿਰ ਡਾਕਟਰ,ਇੰਜੀਨਿਅਰ ਜਾ ਹੋਰ ਵੱਡੇ ਅਹੁਦਿਆਂ ਨੂੰ ਹਾਸਲ ਕਰਨਾ ਹੈ । ਉਹਨਾਂ ਇਹ ਵੀ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਦਲਾਅ ਲਿਆਂਦਾ ਜਾਵੇਗਾ ਤੇ ਹੁਣ ਇਥੇ ਉਹ ਸਹੂਲਤਾਂ ਵੀ ਮਿਲਣਗੀਆਂ ਜੋ ਵੱਡੇ ਵੱਡੇ ਸਕੂਲਾਂ ਵਿੱਚ ਨਹੀਂ ਹੋਣਗੀਆਂ।