‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਇਤਿਹਾਸਕ ਦਿਨ ਦੇ ਤੌਰ ‘ਤੇ ਜਾਣਿਆ ਜਾ ਸਕਦਾ ਹੈ। ਇੱਕੋ ਦਿਨ ਦੋਵੇਂ ਸਦਨਾਂ ਵਿੱਚ ਇਹ ਬਿੱਲ ਪਾਸ ਹੋਇਆ ਹੈ। ਇਸ ਜਿੱਤ ਤੋਂ ਬਾਅਦ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਸਿੱਧ ਕਰਕੇ ਵਿਖਾਇਆ ਹੈ ਕਿ ਲੋਕ ਵੱਡੇ ਹੁੰਦੇ ਹਨ, ਲੋਕਾਂ ਦੀ ਕਚਹਿਰੀ ਦੀ ਜਿੱਤ ਹੋਈ ਹੈ। ਹਾਲੇ ਬਿਜਲੀ ਸੋਧ ਐਕਟ 2020, ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ ਅਤੇ ਮੁਆਵਜ਼ੇ ਦੀਆਂ ਮੰਗਾਂ ਨੂੰ ਕੱਲ੍ਹ ਦੇ ਸੈਸ਼ਨ ਵਿੱਚ ਉਠਾਵਾਂਗੇ। 1 ਦਸੰਬਰ ਨੂੰ ਸਵੇਰੇ 11 ਵਜੇ ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ 42 ਜਥੇਬੰਦੀਆਂ ਦੇ ਨੁਮਾਇੰਦੇ ਸਪੈਸ਼ਲ ਮੀਟਿੰਗ ਕਰਨ ਲ਼ਈ ਆਉਣਗੇ। 4 ਦਸੰਬਰ ਦੀ ਮੀਟਿੰਗ ਹਾਲੇ ਜਿਉਂ ਦੀ ਤਿਉਂ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਅੰਦੋਲਨ ਅਗਲੀ ਮੀਟਿੰਗ ਤੱਕ ਜਾਰੀ ਰਹੇਗਾ। ਅਸੀਂ ਸਰਕਾਰ ਤੋਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਭ ਲਈ ਅਸੀਂ ਸਰਕਾਰ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਹੈ ਅਤੇ ਪਰਸੋਂ ਮੀਟਿੰਗ ਕੀਤੀ ਜਾਵੇਗੀ। ਚੋਣਾਂ ਬਾਰੇ ਹਾਲੇ ਅਸੀਂ ਕੁੱਝ ਨਹੀਂ ਸੋਚਿਆ ਕਿਉਂਕਿ ਅਸੀਂ ਆਪਣੇ ਪੂਰੇ ਅੰਦੋਲਨ ਵਿੱਚ ਇੱਕ ਵੀ ਸਿਆਸੀ ਬੰਦਾ ਸਟੇਜ ‘ਤੇ ਨਹੀਂ ਚੜਨ ਦਿੱਤਾ। ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਵੀ ਤਿਆਰੀ ਰੱਖ ਲਉ ਕਿਉਂਕਿ ਹਾਲੇ ਤੱਕ ਤੁਸੀਂ ਸਾਡੀ ਕਰਜ਼ੇ ਮੁਆਫ ਕਰਨ ਵਾਲੀ ਮੰਗ ਪੂਰੀ ਨਹੀਂ ਕੀਤੀ। ਜੇ ਸਾਡੀ ਇਹ ਮੰਗ ਪੂਰੀ ਨਾ ਕੀਤੀ ਤਾਂ ਪੰਜਾਬ ਵਿੱਚ ਵੱਡਾ ਅੰਦੋਲਨ ਲੜਿਆ ਜਾ ਸਕਦਾ ਹੈ।